ਤਰਨਤਾਰਨ – ਜ਼ਿਲ੍ਹੇ ਦੇ ਪਿੰਡ ਲੋਹਕਾ ਦੇ ਅਨਮੋਲਦੀਪ ਸਿੰਘ ਨੇ ਬਰਤਾਨੀਆ ਦੀ ਵੱਕਾਰੀ ਰਾਇਲ ਗਾਰਡ ’ਚ ਥਾਂ ਬਣਾਈ ਹੈ। ਉਹ ਹੁਣ ਦਸਤਾਰ ਬੰਨ੍ਹ ਕੇ ਬਕਿੰਘਮ ਪੈਲੇਸ ’ਚ ਸੇਵਾਵਾਂ ਦੇਣਗੇ। ਇਹ ਨਾ ਸਿਰਫ਼ ਉਨ੍ਹਾਂ ਲਈ, ਬਲਕਿ ਹਰ ਪੰਜਾਬੀ ਤੇ ਸਿੱਖ ਭਾਈਚਾਰੇ ਲਈ ਮਾਣ ਦਾ ਪਲ਼ ਹੈ। ਅਨਮੋਲਦੀਪ ਦੇ ਪਿਤਾ ਹਰਵੰਤ ਸਿੰਘ ਫ਼ੌਜ ਤੋਂ ਨਾਇਕ ਤੇ ਰੈਂਕ ਤੋਂ ਸੇਵਾਮੁਕਤ ਹੋਏ ਸਨ, ਜਦਕਿ ਦਾਦਾ ਸੀਆਰਪੀਐੱਫ ’ਚ ਸੇਵਾਵਾਂ ਦੇ ਚੁੱਕੇ ਹਨ। ਸੱਤ ਸਾਲ ਪਹਿਲਾਂ ਹਰਵੰਤ ਸਿੰਘ ਦੀ ਮੌਤ ਹੋ ਗਈ ਸੀ। ਅਨਮੋਲਦੀਪ ਦੇ ਚਾਚਾ ਸਤਵੰਤ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਦਾ ਸੁਪਨਾ ਸੀ ਕਿ ਉਨ੍ਹਾਂ ਦਾ ਪੁੱਤਰ ਫ਼ੌਜ ’ਚ ਭਰਤੀ ਹੋਵੇ। ਪਿਤਾ ਦੀ ਮੌਤ ਤੋਂ ਬਾਅਦ ਸਟਡੀ ਬੇਸ ’ਤੇ ਅਨਮੋਲਦੀਪ ਸਿੰਘ ਬਰਤਾਨੀਆ ਚਲਾ ਗਿਆ ਸੀ। ਰਾਇਲ ਗਾਰਡ ’ਚ ਅਨਮੋਲਦੀਪ ਸਿੰਘ ਨੂੰ ਹੁਣੇ ਜਿਹੇ ਨੌਕਰੀ ਮਿਲੀ ਹੈ। ਖ਼ਾਸ ਗੱਲ ਇਹ ਹੈ ਕਿ ਉਹ ਦਸਤਾਰ ਬੰਨ੍ਹ ਕੇ ਦਾੜ੍ਹੀ ਰੱਖਦੇ ਹੋਏ ਰਵਾਇਤੀ ਸਿੱਖ ਪਛਾਣ ਨਾਲ ਆਪਣੀ ਡਿਊਟੀ ਦੇਵੇਗਾ।
ਚਾਚਾ ਸਤਵੰਤ ਸਿੰਘ ਨੇ ਦੱਸਿਆ ਕਿ ਬਰਤਾਨੀਆ ਦੀ ਵੱਕਾਰੀ ਫ਼ੌਜ ਦੀਆਂ ਇਕਾਈਆਂ ’ਚ ਰਾਇਲ ਗਾਰਡ ਕਾਫ਼ੀ ਮਸ਼ਹੂਰ ਹੈ। ਇਸ ਦੀ ਡਿਊਟੀ ਸ਼•ਾਹੀ ਮਹਿਲਾਂ ਤੇ ਬਰਤਾਨੀਆ ਦੇ ਰਾਜਾ ਦੀ ਰੱਖਿਆ ਦੀ ਹੁੰਦੀ ਹੈ। ਸਖ਼ਤ ਅਨੁਸ਼ਾਸਨ, ਆਕਰਸ਼ਕ ਵਰਦੀ ਦੇ ਮਾਮਲੇ ’ਚ ਰਾਇਲ ਗਾਰਡ ਦੁਨੀਆ ਭਰ ’ਚ ਮਸ਼ਹੂਰ ਹੈ। ਬਕਿੰਘਮ ਪੈਲੇਸ ਬਰਾਤਨੀਆ ਦੇ ਰਾਜੇ ਦੀ ਅਧਿਕਾਰਤ ਰਿਹਾਇਸ਼ ਹੈ। ਇਸ ਮਹਿਲ ਦੇ ਬਾਹਰ ਸ਼ਾਹੀ ਗਾਰਡਾਂ ਨੂੰ ਬਰਤਾਨੀਆ ਰਵਾਇਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਪਿੰਡ ਲੋਹਕਾ ਦੇ ਸਰਪੰਚ ਜਗਜੀਤ ਸਿੰਘ ਨੇ ਦੱਸਿਆ ਅਨਮੋਲਦੀਪ ਸਿੰਘ ਉਨ੍ਹਾਂ ਦੇ ਪਰਿਵਾਰ ਨਾਲ ਸਬੰਧਤ ਹੈ।