PSEB ਦੀਆਂ ਕਿਤਾਬਾਂ ਛਾਪਣ ’ਚ ਕੀਤੀ ਗਈ ਸੀ ਘਟੀਆ ਕਾਗ਼ਜ਼ ਦੀ ਵਰਤੋਂ

ਐੱਸਏਐੱਸ ਨਗਰ – ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਿਤਾਬਾਂ ਦੀ ਛਪਾਈ ਵਿਚ ਗੰਭੀਰ ਗੜਬੜੀ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਲਗਪਗ 9 ਸਾਲ ਬੀਤ ਚੁੱਕੇ ਹਨ ਪਰ ਹਾਲੇ ਤੱਕ ਨਾ ਕਿਸੇ ਨੂੰ ਸਜ਼ਾ ਮਿਲੀ ਹੈ ਅਤੇ ਨਾ ਹੀ ਕੋਈ ਕਾਨੂੰਨੀ ਕਾਰਵਾਈ ਹੋਈ ਹੈ। ਇਹ ਮਾਮਲਾ 2016 ਵਿਚ ਰਜਿਸਟਰਡ ਹੋਇਆ ਸੀ ਜਦੋਂ ਬੋਰਡ ਨੂੰ ਪਤਾ ਲੱਗਾ ਸੀ ਕਿ ਵਿਦਿਆਰਥੀਆਂ ਲਈ ਛਪੀਆਂ ਕਈ ਕਿਤਾਬਾਂ ’ਚ ਰਾਜਸਥਾਨ ਬੋਰਡ ਦਾ ਵਾਟਰਮਾਰਕ ਵਾਲਾ ਕਾਗ਼ਜ਼ ਵਰਤਿਆ ਗਿਆ ਸੀ ਜਦਕਿ ਨਿਯਮਾਂ ਮੁਤਾਬਕ ਸਿਰਫ਼ ਪੀਐੱਸਈਬੀ ਦੇ ਚਿੰਨ੍ਹ ਵਾਲਾ ਕਾਗ਼ਜ਼ ਹੀ ਵਰਤਿਆ ਜਾਣਾ ਸੀ।

ਜਾਂਚ ਦੌਰਾਨ ਖ਼ੁਲਾਸਾ ਹੋਇਆ ਕਿ ਇਹ ਕਿਤਾਬਾਂ ਵਾਟਰਮਾਰਕ ਬਦਲ ਕੇ ਜਾਂ ਘਟੀਆ ਕਾਗ਼ਜ਼ ’ਤੇ ਵੱਧ ਗਿਣਤੀ ਵਿਚ ਛਾਪੀਆਂ ਗਈਆਂ ਜਿਸ ਨਾਲ ਸਰਕਾਰੀ ਖ਼ਜ਼ਾਨੇ ਦਾ ਦੁਰਪ੍ਰਯੋਗ ਹੋਇਆ। ਬੋਰਡ ਨੇ ਰਾਜ ਭਰ ਤੋਂ ਕਿਤਾਬਾਂ ਦੇ ਨਮੂਨੇ ਇਕੱਠੇ ਕਰ ਕੇ ਜਾਂਚ ਕੀਤੀ ਅਤੇ ਗੜਬੜੀ ਸਾਬਤ ਹੋਣ ’ਤੇ ਜਲੰਧਰ ਦੀ ਚੋਇਸ ਪ੍ਰਿੰਟਰਜ਼ ਨਾਂ ਦੀ ਪ੍ਰਿੰਟਿੰਗ ਕੰਪਨੀ ਵਿਰੁੱਧ ਐੱਫਆਈਆਰ ਦਰਜ ਕਰਵਾਈ। ਕੰਪਨੀ ’ਤੇ ਵਾਧੂ ਕਾਪੀਆਂ ਛਾਪ ਕੇ ਗ਼ੈਰ-ਕਾਨੂੰਨੀ ਲਾਭ ਕਮਾਉਣ ਦੇ ਦੋਸ਼ ਲੱਗੇ ਹਨ।

ਐੱਫਆਈਆਰ ਦਰਜ ਹੋਣ ਤੋਂ ਬਾਅਦ ਅੱਜ ਤੱਕ ਨਾ ਕੋਈ ਗ੍ਰਿਫ਼ਤਾਰੀ ਹੋਈ, ਨਾ ਚਾਰਜਸ਼ੀਟ ਪੇਸ਼ ਹੋਈ ਅਤੇ ਨਾ ਹੀ ਅਦਾਲਤ ਵਿਚ ਸੁਣਵਾਈ ਹੋਈ। ਜ਼ਬਤ ਕੀਤੀਆਂ ਕਿਤਾਬਾਂ ਪੁਲਿਸ ਕਸਟਡੀ ਵਿਚ ਪਈਆਂ ਧੂੜ ਫਕ ਰਹੀਆਂ ਹਨ। ਸਬੰਧਤ ਅਧਿਕਾਰੀਆਂ ਅਨੁਸਾਰ ਇਹ ਮਾਮਲਾ ਕਿਸੇ ਵੀ ਹਾਲਤ ਵਿਚ ਬੰਦ ਨਹੀਂ ਹੋਣ ਦਿੱਤਾ ਜਾਵੇਗਾ।