ਤਰਨਤਾਰਨ –ਪਿੰਡ ਅੱਲੋਵਾਲ ਵਿਖੇ ਸ਼ਰਾਬ ਦੇ ਨਸ਼ੇ ਵਿਚ ਧੁੱਤ ਵਿਅਕਤੀ ਨੇ ਘਰੇਲੂ ਕਲੇਸ਼ ਕਾਰਨ ਆਪਣੇ ਪਿਤਾ ਦੇ ਸਿਰ ’ਤੇ ਪੱਥਰ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਜਦੋਂਕਿ ਪਿਤਾ ਨੂੰ ਬਚਾਉਣ ਲਈ ਅੱਗੇ ਆਏ ਭਰਾ ’ਤੇ ਵੀ ਘੋਟਣੇ ਨਾਲ ਹਮਲਾ ਕਰ ਕੇ ਜ਼ਖਮੀ ਕਰ ਦਿੱਤਾ। ਘਟਨਾ ਦਾ ਪਤਾ ਚੱਲਦਿਆਂ ਹੀ ਮੌਕੇ ’ਤੇ ਪੁੱਜੀ ਥਾਣਾ ਵੈਰੋਵਾਲ ਦੀ ਪੁਲਿਸ ਨੇ ਜਿੱਥੇ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ, ਉਥੇ ਹੀ ਹੱਤਿਆ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਨੂੰ ਗਿ੍ਫ਼ਤਾਰ ਵੀ ਕਰ ਲਿਆ ਗਿਆ ਹੈ।
ਹਰਜੀਤ ਸਿੰਘ ਪੁੱਤਰ ਗੁਰਭੇਜ ਸਿੰਘ ਵਾਸੀ ਪਿੰਡ ਅੱਲੋਵਾਲ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਮਜ਼ਦੂਰੀ ਦਾ ਕੰਮ ਕਰਦਾ ਹੈ ਅਤੇ ਉਹ ਦੋ ਭਰਾ ਹਨ। ਉਸ ਦੀ ਮਾਤਾ ਦਾ ਕਰੀਬ 20 ਸਾਲ ਪਹਿਲਾਂ ਦੇਹਾਂਤ ਹੋ ਚੁੱਕਾ ਹੈ ਤੇ ਉਹ ਦੋ ਭਰਾ ਆਪਣੇ ਪਿਤਾ ਨਾਲ ਇੱਕੋ ਘਰ ਵਿਚ ਰਹਿੰਦੇ ਹਨ। ਉਸ ਦਾ ਵੱਡਾ ਭਰਾ ਸਤਨਾਮ ਸਿੰਘ ਵਿਆਹ ਹੋਇਆ ਸੀ ਪਰ ਕਰੀਬ ਸਾਢੇ ਤਿੰਨ ਸਾਲ ਪਹਿਲਾਂ ਉਸ ਦੀ ਪਤਨੀ ਛੱਡ ਕੇ ਪੇਕੇ ਚਲੀ ਗਈ। ਸ਼ਨਿਚਰਵਾਰ ਰਾਤ ਕਰੀਬ ਸਾਢੇ 10 ਵਜੇ ਜਦੋਂ ਉਹ ਅਤੇ ਉਸ ਦਾ ਪਿਤਾ ਘਰ ਵਿਚ ਮੌਜੂਦ ਸਨ ਤਾਂ ਉਸ ਦਾ ਭਰਾ ਸਤਨਾਮ ਸਿੰਘ ਸ਼ਰਾਬ ਦੇ ਨਸ਼ੇ ਵਿਚ ਧੁੱਤ ਹੋ ਕੇ ਘਰ ਆਇਆ ਤੇ ਉਨ੍ਹਾਂ ਨਾਲ ਗਾਲੀ-ਗਲੋਚ ਕਰਦਿਆਂ ਕਹਿਣ ਲੱਗਾ ਕਿ ਉਸ ਦਾ ਘਰ ਉਨ੍ਹਾਂ ਨੇ ਉਜਾੜਿਆ ਹੈ ਜਦੋਂਕਿ ਸਤਨਾਮ ਸਿੰਘ ਨੇ ਘਰੋਂ ਘੋਟਣਾ ਚੁੱਕਿਆ ਅਤੇ ਉਨ੍ਹਾਂ ਉੱਪਰ ਹਮਲਾ ਕਰ ਦਿੱਤਾ। ਜਦੋਂ ਉਸ ਨੇ ਵਿਰੋਧ ਕਰਦਿਆਂ ਸਤਨਾਮ ਸਿੰਘ ਕੋਲੋਂ ਘੋਟਣਾ ਖੋਹ ਲਿਆ ਤਾਂ ਉਸ ਨੇ ਘਰ ਵਿਚ ਪਿਆ ਪੱਥਰ ਚੁੱਕਿਆ ਅਤੇ ਪਿਤਾ ਗੁਰਭੇਜ ਸਿੰਘ ਦੇ ਸਿਰ ਵਿਚ ਮਾਰ ਦਿੱਤਾ। ਉਹ ਆਪਣੇ ਪਿਤਾ ਨੂੰ ਅੱਗੇ ਹੋ ਕੇ ਵੇਖਣ ਲੱਗਾ ਤਾਂ ਸਤਨਾਮ ਸਿੰਘ ਨੇ ਉਸ ਦੇ ਸਿਰ ਵਿਚ ਵੀ ਘੋਟਣਾ ਮਾਰ ਕੇ ਜ਼ਖਮੀ ਕਰ ਦਿੱਤਾ ਅਤੇ ਫ਼ਰਾਰ ਹੋ ਗਿਆ। ਉਸ ਨੇ ਦੱਸਿਆ ਕਿ ਸਾਰੀ ਰਾਤ ਉਸ ਦਾ ਪਿਤਾ ਵਿਹੜੇ ਵਿਚ ਪਿਆ ਰਿਹਾ ਤੇ ਉਸ ਦੀ ਮੌਤ ਹੋ ਗਈ।
ਮੌਕੇ ’ਤੇ ਪੁੱਜੇ ਥਾਣਾ ਵੈਰੋਵਾਲ ਦੇ ਮੁਖੀ ਇੰਸਪੈਕਟਰ ਨਰੇਸ਼ ਕੁਮਾਰ ਨੇ ਦੱਸਿਆ ਕਿ ਹਰਜੀਤ ਸਿੰਘ ਦੇ ਬਿਆਨਾਂ ’ਤੇ ਸਤਨਾਮ ਸਿੰਘ ਵਿਰੁੱਧ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦੋਂਕਿ ਗੁਰਭੇਜ ਸਿੰਘ ਦੀ ਲਾਸ਼ ਪੋਸਟਮਾਰਟਮ ਉਪਰੰਤ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।