ਮੁਹਾਲੀ ’ਚ 9 ਸਾਲ ਦੀ ਬੱਚੀ ਨਾਲ ਜਬਰ ਜਨਾਹ, ਪੁਲਿਸ ਨੇ ਮੁਲਜ਼ਮ ਨੂੰ ਕੀਤਾ ਗ੍ਰਿਫ਼ਤਾਰ

ਐੱਸਏਐੱਸ ਨਗਰ- ਸੋਹਾਣਾ ਥਾਣਾ ਖੇਤਰ ਵਿਚ 9 ਸਾਲ ਦੀ ਇੱਕ ਮਾਸੂਮ ਬੱਚੀ ਨਾਲ ਜਬਰ ਜਨਾਹ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਕਾਰਵਾਈ ਕਰਦੇ ਹੋਏ ਮੁਲਜ਼ਮ ਗੁਆਂਢੀ ਸ਼ਿਵ ਲਾਲ ਚੌਧਰੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਖ਼ਿਲਾਫ਼ ਜਬਰ ਜਨਾਹ ਅਤੇ ਪੋਕਸੋ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਪੀੜਤ ਬੱਚੀ ਦੇ ਮਾਤਾ-ਪਿਤਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਦੀ ਬੇਟੀ ਅਚਾਨਕ ਰਾਤ ਨੂੰ ਜ਼ੋਰ-ਜ਼ੋਰ ਨਾਲ ਰੋਣ ਲੱਗੀ। ਜਦੋਂ ਉਨ੍ਹਾਂ ਨੇ ਉਸ ਦੇ ਰੋਣ ਦਾ ਕਾਰਨ ਪੁੱਛਿਆ ਤਾਂ ਬੱਚੀ ਨੇ ਜੋ ਦੱਸਿਆ, ਉਹ ਸੁਣ ਕੇ ਪਰਿਵਾਰਕ ਮੈਂਬਰ ਹੈਰਾਨ ਰਹਿ ਗਏ।

ਬੱਚੀ ਨੇ ਦੱਸਿਆ ਕਿ ਤਿੰਨ ਦਿਨ ਪਹਿਲਾਂ ਜਦੋਂ ਉਹ ਆਪਣੀ ਗਲੀ ਵਿਚ ਖੇਡ ਰਹੀ ਸੀ, ਤਾਂ ਉਸ ਦਾ ਗੁਆਂਢੀ ਸ਼ਿਵ ਲਾਲ ਚੌਧਰੀ ਉਸ ਨੂੰ ਬਹਿਲਾ-ਫੁਸਲਾ ਕੇ ਆਪਣੇ ਕਮਰੇ ਵਿਚ ਲੈ ਗਿਆ। ਉੱਥੇ ਉਸ ਨੇ ਬੱਚੀ ਨੂੰ ਇਕ ਗੋਲ਼ੀ ਖੁਆਈ, ਜਿਸ ਨਾਲ ਉਹ ਬੇਹੋਸ਼ ਹੋ ਗਈ। ਜਦੋਂ ਉਸ ਨੂੰ ਹੋਸ਼ ਆਇਆ ਤਾਂ ਉਸ ਦੇ ਸਰੀਰ ਤੇ ਕੋਈ ਕੱਪੜਾ ਨਹੀਂ ਸੀ ਅਤੇ ਮੁਲਜ਼ਮ ਪਖ਼ਾਨੇ ਵਿਚ ਸੀ। ਬੱਚੀ ਕਿਸੇ ਤਰ੍ਹਾਂ ਉੱਥੋਂ ਭੱਜ ਕੇ ਆਪਣੇ ਘਰ ਪਹੁੰਚੀ, ਪਰ ਡਰ ਕਾਰਨ ਕੁਝ ਦਿਨ ਚੁੱਪ ਰਹੀ। ਪਰਿਵਾਰ ਵੱਲੋਂ ਸੂਚਨਾ ਮਿਲਣ ’ਤੇ ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਤੁਰੰਤ ਕਾਰਵਾਈ ਕੀਤੀ ਅਤੇ ਮੁਲਜ਼ਮ ਸ਼ਿਵ ਲਾਲ ਚੌਧਰੀ ਨੂੰ ਗ੍ਰਿਫ਼ਤਾਰ ਕਰ ਲਿਆ। ਉਸ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 376 ਅਤੇ ਪੋਕਸੋ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਬੱਚੀ ਦਾ ਮੈਡੀਕਲ ਵੀ ਕਰਵਾਇਆ ਗਿਆ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ਵਿਚ ਗੁੱਸੇ ਅਤੇ ਚਿੰਤਾ ਦਾ ਮਾਹੌਲ ਹੈ।