ਚੰਡੀਗੜ੍ਹ –ਸੂਬਾ ਸਰਕਾਰ ਹੜ੍ਹ ਦੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ। ਪ੍ਰਭਾਵਿਤ ਖੇਤਰਾਂ ’ਚ ਸਮੇਂ ‘ਤੇ ਡਾਕਟਰੀ ਸਹਾਇਤਾ ਯਕੀਨੀ ਬਣਾਉਣ ਲਈ 438 ਰੈਪਿਡ ਰਿਸਪਾਂਸ ਟੀਮਾਂ (ਆਰਆਰਟੀ), 323 ਮੋਬਾਈਲ ਮੈਡੀਕਲ ਟੀਮਾਂ ਤੇ 172 ਐਂਬੂਲੈਂਸਾਂ ਨੂੰ ਕਾਰਜਸ਼ੀਲ ਕੀਤਾ ਗਿਆ ਹੈ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਸਾਡੀ ਪਹਿਲ ਹਰ ਜ਼ਰੂਰਤਮੰਦ ਵਿਅਕਤੀ ਤੱਕ ਡਾਕਟਰੀ ਸਹਾਇਤਾ ਪਹੁੰਚਾਉਣਾ ਹੈ।
ਕਾਪੂਰਥਲਾ ਤੇ ਹੁਸ਼ਿਆਰਪੁਰ ’ਚ ਸਥਾਪਤ ਸਿਹਤ ਕੈਂਪਾਂ ਦੁਆਰਾ ਡਾਕਟਰੀ ਤਿਆਰੀ ਨੂੰ ਹੋਰ ਮਜ਼ਬੂਤ ਕੀਤਾ ਗਿਆ ਹੈ, ਇੱਥੇ 241 ਮਰੀਜ਼ ਪਹਿਲਾਂ ਹੀ ਇਲਾਜ ਕਰਵਾ ਚੁੱਕੇ ਹਨ। ਇਨ੍ਹਾਂ ਮਾਮਲਿਆਂ ’ਚ ਦਸਤ, ਗੈਸਟ੍ਰੋਐਂਟਰਾਈਟਿਸ, ਬੁਖਾਰ, ਚਮੜੀ ਦੀ ਐਲਰਜੀ ਤੇ ਅੱਖਾਂ ’ਚ ਸੰਕਰਮਣ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਿਆਂ ਦੇ ਹਸਪਤਾਲਾਂ ’ਚ 2000 ਤੋਂ ਵੱਧ ਬੈੱਡ ਲਗਾਏ ਗਏ ਹਨ ਤੇ ਸੂਬੇ ਨੇ ਕਿਸੇ ਵੀ ਸੰਭਾਵਿਤ ਮਹਾਮਾਰੀ ਨਾਲ ਨਜਿੱਠਣ ਲਈ ਆਗਾਮੀ ਪ੍ਰਬੰਧਾਂ ਨੂੰ ਯਕੀਨੀ ਬਣਾਇਆ ਹੈ। ਉਨ੍ਹਾਂ ਲੋਕਾਂ ਨੂੰ ਸਿਹਤ ਸਮੱਸਿਆਵਾਂ ਦੀ ਰਿਪੋਰਟ ਕਰਨ ਤੇ ਸਹਾਇਤਾ ਲੈਣ ਲਈ ਸਰਕਾਰ ਦੇ ਟੋਲ ਫ੍ਰੀ ਹੈਲਪਲਾਈਨ ਨੰਬਰ 104 ‘ਤੇ ਕਾਲ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਹਰ ਵਿਅਕਤੀ ਨੂੰ ਸਿਰਫ਼ ਉਬਲੇ ਹੋਏ ਜਾਂ ਕਲੋਰੀਨੇਟਡ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ। ਪਾਣੀ ਦੀ ਗੁਣਵੱਤਾ ਦੀ ਜਾਂਚ ਲਈ ਸਿਹਤ ਟੀਮਾਂ ਨੂੰ ਬੇਨਤੀ ਕੀਤੀ ਜਾਣੀ ਚਾਹੀਦੀ ਹੈ ਤੇ ਬਿਮਾਰੀਆਂ ਦੇ ਫੈਲਾਅ ਨੂੰ ਰੋਕਣ ਲਈ ਬਾਸੀ ਭੋਜਨ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।