ਰੂਪਨਗਰ- ਰੂਪਨਗਰ ‘ਚ ਜ਼ਿਲ੍ਹਾ ਕਾਂਗਰਸ ਵੱਲੋਂ ਚੋਣ ਕਮਿਸ਼ਨ ਖ਼ਿਲਾਫ਼ ਸਕੱਤਰੇਤ ਦੇ ਸਾਹਮਣੇ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਧੱਕਾ-ਮੁੱਕੀ ਹੋ ਗਈ। ਪੁਲਿਸ ਨੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਅਸ਼ਵਨੀ ਸ਼ਰਮਾ, ਜ਼ਿਲਾ ਕਾਂਗਰਸ ਦੇ ਮੁੱਖ ਸਕੱਤਰ ਵਿਸ਼ਵਪਾਲ ਸਿੰਘ ਰਾਣਾ ਤੇ ਜ਼ਿਲ੍ਹਾ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਰੀੰਦਰ ਸਿੰਘ ਹਰਿਪੁਰ ਨੂੰ ਹਿਰਾਸਤ ਵਿਚ ਲੈ ਲਿਆ।
ਪ੍ਰਦਰਸ਼ਨ ਦੌਰਾਨ ਕਾਂਗਰਸੀ ਆਗੂਆਂ ਨੇ ਸਕੱਤਰੇਤ ‘ਚ ਦਾਖਲ ਹੋਣ ਦਾ ਯਤਨ ਕੀਤਾ ਅਤੇ ਪੁਲਿਸ ਨੇ ਮੁੱਖ ਗੇਟ ਨੂੰ ਬੰਦ ਕਰ ਦਿੱਤਾ। ਕਈ ਕਾਂਗਰਸੀ ਆਗੂਆਂ ਨੇ ਗੇਟ ਟੱਪਣ ਦਾ ਯਤਨ ਕੀਤਾ। ਤਿੰਨ ਆਗੂਆਂ ਨੂੰ ਹਿਰਾਸਤ ‘ਚ ਲੈ ਕੇ ਪੁਲਿਸ ਸਟੇਸ਼ਨ ਲੈ ਜਾਇਆ ਗਿਆ ਜਿਸ ਤੋਂ ਬਾਅਦ ਕਾਂਗਰਸੀ ਵਰਕਰ ਪੁਲਿਸ ਥਾਣੇ ਦੇ ਗੇਟ ਦੇ ਸਾਹਮਣੇ ਇਕੱਠੇ ਹੋ ਗਏ।
ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਜ਼ਿਲ੍ਹਾ ਮੁੱਖ ਸਕੱਤਰ ਵਿਸ਼ਵਪਾਲ ਰਾਣਾ ਨੇ ਕਿਹਾ ਕਿ ਭਾਰਤ ਦੇ ਚੋਣ ਕਮਿਸ਼ਨ ਦੀ ਮਿਲੀਭਗਤ ਨਾਲ ਭਾਜ਼ਪਾ ਵੱਲੋਂ ਕਥਿਤ ਵੋਟ ਚੋਰੀ ਕੀਤੀ ਜਾ ਰਹੀ ਹੈ। ਅਸੀਂ ਇਸ ਮਾਮਲੇ ਵਿਚ ਨਿਆਂਪਾਲਿਕਾ ਦੇ ਹਸਤਕਸ਼ੇਪ ਦੀ ਮੰਗ ਕੀਤੀ ਹੈ।
ਉਨ੍ਹਾਂ ਕਿਹਾ ਕਿ ਦੇਸ਼ ਵਿਚ ਭਾਜਪਾ ਵੱਲੋਂ ਭਾਰਤ ਦੇ ਚੋਣ ਕਮਿਸ਼ਨ ਦੀ ਮਿਲੀਭਗਤ ਨਾਲ ਵੱਡੇ ਪੈਮਾਨੇ ‘ਤੇ ਵੋਟ ਚੋਰੀ ਕੀਤੀ ਜਾ ਰਹੀ ਹੈ। ਇਹ ਸਿੱਧੇ ਤੌਰ ‘ਤੇ ਲੋਕਤੰਤਰ ਦਾ ਘਾਣ ਹੈ। ਅਜਿਹਾ ਕਰਕੇ ਭਾਜ਼ਪਾ ਦਾ ਇਕ ਹੀ ਮਨੋਰਥ ਹੈ ਕਿ ਵੱਖ-ਵੱਖ ਰਾਜਾਂ ਅਤੇ ਰਾਸ਼ਟਰੀ ਪੱਧਰ ‘ਤੇ ਸੱਤਾ ਹਥਿਆਉਣ ਲਈ ਵਿਰੋਧੀ ਪਾਰਟੀਆਂ ਨੂੰ ਚੋਣਾਂ ਵਿਚ ਉਨ੍ਹਾਂ ਦੀ ਵੈਲਿਡ ਜਿੱਤ ਤੋਂ ਵਾਂਝੇ ਕੀਤਾ ਜਾ ਸਕੇ।