ਪਾਕਿਸਤਾਨ ’ਚ ਭਾਰੀ ਬਾਰਿਸ਼ ਤੇ ਹੜ੍ਹ ਨਾਲ ਹੁਣ ਤੱਕ 706 ਲੋਕਾਂ ਦੀ ਮੌਤ,

ਇਸਲਾਮਾਬਾਦ – ਪਾਕਿਸਤਾਨ ਵਿਚ ਬਾਰਿਸ਼ ਨਾਲ ਜੁੜੀਆਂ ਘਟਨਾਵਾਂ ਅਤੇ ਹੜ੍ਹ ਦੇ ਕਾਰਨ ਮਰਨ ਵਾਲਿਆਂ ਦੀ ਗਿਣਤੀ 706 ਤੱਕ ਪਹੁੰਚ ਗਈ ਹੈ। ਫ਼ੌਜ ਨੇ ਪ੍ਰਭਾਵਿਤ ਖੇਤਰਾਂ ਵਿਚ ਰਾਹਤ ਕਾਰਜਾਂ ਨੂੰ ਤੇਜ਼ ਕਰ ਦਿੱਤਾ ਹੈ। ਰਾਸ਼ਟਰੀ ਆਫ਼ਤ ਮੈਨੇਜਮੈਂਟ ਅਥਾਰਟੀ (ਐੱਨਡੀਐੱਮਏ) ਨੇ ਜਾਣਕਾਰੀ ਦਿੱਤੀ ਹੈ ਕਿ ਪਿਛਲੇ 24 ਘੰਟਿਆਂ ਵਿਚ 24 ਹੋਰ ਲੋਕਾਂ ਦੀ ਮੌਤ ਹੋ ਗਈ, ਜਿਸ ਨਾਲ 26 ਜੂਨ ਤੋਂ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 706 ਹੋ ਗਈ ਹੈ। ਇਸ ਦੌਰਾਨ ਜ਼ਖ਼ਮੀਆਂ ਦੀ ਗਿਣਤੀ 965 ਤੱਕ ਪਹੁੰਚ ਗਈ ਹੈ।

ਐੱਨਡੀਐੱਮਏ ਨੇ ਦੱਸਿਆ ਕਿ ਖੈਬਰ-ਪਖਤੂਨਖਵਾ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ, ਜਿੱਥੇ ਹੁਣ ਤੱਕ 427 ਲੋਕ ਮਾਰੇ ਗਏ ਹਨ। ਇਸ ਤੋਂ ਬਾਅਦ ਪੰਜਾਬ ਵਿਚ 164, ਸਿੰਧ ਵਿਚ 29, ਬਲੋਚਿਸਤਾਨ ਵਿਚ 22, ਮਕਬੂਜ਼ਾ ਜੰਮੂ-ਕਸ਼ਮੀਰ ਵਿਚ 56 ਅਤੇ ਇਸਲਾਮਾਬਾਦ ਖੇਤਰ ਵਿਚ 8 ਲੋਕਾਂ ਦੀ ਮੌਤ ਹੋਈ ਹੈ।

ਇਸ ਦੌਰਾਨ, ਫ਼ੌਜ ਦੇ ਬੁਲਾਰੇ ਲੈਫਟੀਨੈਂਟ ਜਨਰਲ ਅਹਮਦ ਸ਼ਰੀਫ਼ ਚੌਧਰੀ ਨੇ ਮੰਗਲਵਾਰ ਨੂੰ ਕਿਹਾ ਕਿ ਫ਼ੌਜ ਨੇ ਰਾਹਤ ਕਾਰਜਾਂ ਨੂੰ ਤੇਜ਼ ਕਰ ਦਿੱਤਾ ਹੈ, ਜਿਸ ਦੌਰਾਨ 6,903 ਲੋਕਾਂ ਨੂੰ ਬਚਾਇਆ ਗਿਆ ਹੈ ਅਤੇ ਖੈਬਰ-ਪਖਤੂਨਖਵਾ ਵਿਚ ਨੌਂ ਕੈਂਪਾਂ ਰਾਹੀਂ ਮੈਡੀਕਲ ਸਹਾਇਤਾ ਪ੍ਰਦਾਨ ਕੀਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਰਾਹਤ ਕਾਰਜਾਂ ਵਿਚ ਫ਼ੌਜ ਦੀਆਂ ਅੱਠ ਇਕਾਈਆਂ ਸ਼ਾਮਲ ਹਨ, ਜਦਕਿ ਬੁਨੇਰ ਵਿਚ ਦੋ ਬਟਾਲੀਅਨਾਂ ਕੰਮ ਕਰ ਰਹੀਆਂ ਹਨ। ਫ਼ੌਜੀ ਹਵਾਈ ਸੇਵਾਵਾਂ ਵੀ ਬਚਾਅ ਅਤੇ ਸਪਲਾਈ ਕਾਰਜਾਂ ਵਿਚ ਸਹਾਇਤਾ ਕਰ ਰਹੀਆਂ ਹਨ।

ਪਾਕਿਸਤਾਨ ਦੇ ਸੰਘੀ ਸੂਚਾ ਅਤੇ ਪ੍ਰਸਾਰਣ ਮੰਤਰੀ ਅਤਾਉੱਲਾਹ ਤਰਾਰ ਨੇ ਕਿਹਾ ਕਿ ਪ੍ਰਭਾਵਿਤ ਖੇਤਰਾਂ ਵਿਚ ਰਾਹਤ ਕਾਰਜਾਂ ਨੂੰ ਤੇਜ਼ ਕੀਤਾ ਗਿਆ ਹੈ ਅਤੇ ਐੱਨਡੀਐੱਮਏ, ਪਾਕਿਸਤਾਨੀ ਫ਼ੌਜ, ਸੰਘੀ ਅਤੇ ਸੂਬਾਈ ਸਰਕਾਰਾਂ ਵਿਚਕਾਰ ਸਹਿਯੋਗ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਹੁਣ ਤੱਕ 25,000 ਲੋਕਾਂ ਨੂੰ ਸੁਰੱਖਿਅਤ ਸਥਾਨਾਂ ‘ਤੇ ਪਹੁੰਚਾਇਆ ਜਾ ਚੁੱਕਾ ਹੈ।