ਬ੍ਰਿਸਬੇਨ-ਕੂਈਨਜ਼ਲੈਂਡ ਦੀ ਪੰਜਾਬੀ ਸਾਹਿਤਕ ਸੰਸਥਾ ‘ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ’ ਨੇ ਪੰਜ ਸਾਲਾ ਗੌਰਵਮਈ ਸਾਹਿਤਕ ਇਤਿਹਾਸ ਸਿਰਜਣ ਤੋਂ ਬਾਅਦ ਛੇਵੇਂ ਸਾਲ ਵਿੱਚ ਪੈਰ ਰੱਖਣ ਜਾ ਰਹੀ ਹੈ। ਇਸ ਸਾਹਿਤਕ ਸਭਾ ਨੇ ਆਪਣੇ ਕਾਰਜਾਂ ਨੂੰ ਲੋਕਤੰਤਰਿਕ ਪ੍ਰਕਿਰਿਆ ਅਧੀਨ ਚਲਦਿਆਂ ਸਮੂਹ ਮੈਂਬਰਾਂ ਨੂੰ ਬਰਾਬਰ ਅਹਿਮੀਅਤ ਦੇਣ ਦਾ, ਆਸਟਰੇਲੀਆ ਦੀਆਂ ਸਾਹਿਤਕ ਸੰਸਥਾਵਾਂ ਨਾਲੋਂ ਹੁਣ ਤੱਕ ਦਾ ਵੱਖਰਾ ਤੇ ਉਚੇਰੇ ਪੱਧਰ ਦਾ ਕੰਮ ਕੀਤਾ ਹੈ। ਅਗਲੇ ਸਾਲ ਦੀ ਨਵੀਂ ਚੁਣੀ ਗਈ ਕਮੇਟੀ ਦੀ ਚੋਣ ਤੋਂ ਪਹਿਲਾਂ ਪ੍ਰਧਾਨ, ਸੈਕਟਰੀ ਤੇ ਖਜ਼ਾਨਚੀ ਦੇ ਆਹੁਦਿਆਂ ਉੱਪਰ ਬਿਰਾਜਮਾਨ ਰਹੇ ਲੋਕਾਂ ਨੇ ਆਪਣੀ ਆਪਣੀ ਪਿਛਲੇ ਕਾਰਜਕਾਲ ਦੀ ਰਿਪੋਰਟ ਪੇਸ਼ ਕੀਤੀ। ਇਨ੍ਹਾਂ ਰਿਪੋਰਟਾਂ ਨੂੰ ਸਵੀਕਾਰ ਕਰਨ ਤੋਂ ਬਾਅਦ, ਅਗਲੀ ਚੋਣ ਦੀ ਪ੍ਰਕਿਰਿਆ ਸ਼ੁਰੂ ਹੋਈ। ਸਮੂਹਿਕ ਰੂਪ ਵਿੱਚ ਸਾਹਿਤਕ ਖੇਤਰ ਵਿੱਚ ਕੰਮ ਕਰਦਿਆਂ, ਨਵੀਆਂ ਪੁਸਤਕਾਂ ਦਾ ਲੋਕ ਅਰਪਣ, ਪੰਜਾਬ ਤੋਂ ਪਹੁੰਚੇ ਲੇਖਕਾਂ ਦਾ ਸਨਮਾਨ, ਪੰਜਾਬੀ ਭਾਸ਼ਾ, ਸੱਭਿਆਚਾਰਕ ਤੇ ਵਿਰਾਸਤ ਨੂੰ ਸਾਂਭਣ ਦੀ ਸੇਵਾ ਕਰਨ ਵਾਲਿਆਂ ਦਾ ਸਨਮਾਨ ਕਰਨਾ, ਇਸ ਸਭਾ ਦੇ ਮੁੱਖ ਕਾਰਜਾਂ ਵਜੋਂ ਰਹੇ ਹਨ। ਇਸ ਤੋਂ ਅੱਗੇ ਬ੍ਰਿਸਬੇਨ ਵਿੱਚ ਪੰਜਾਬੀ ਭਾਸ਼ਾ ਜਾਂ ਬੋਲੀ ਦੇ ਵਿਸਥਾਰ ਲਈ ਉੱਦਮ, ਪੰਜਾਬੀ ਭਾਈਚਾਰੇ ਦੀਆਂ ਸਮੱਸਿਆਵਾਂ ਦੇ ਹੱਲ ਲਈ ਵਿਚਾਰ ਚਰਚਾ, ਭਾਈਚਾਰੇ ਨਾਲ ਆਸਟਰੇਲੀਆ ਦੀਆਂ ਨੀਤੀਆਂ ਬਾਰੇ ਗਿਆਨ ਗੋਸ਼ਟੀਆਂ ਕਰਨਾ ਵੀ ਇਸ ਸਭਾ ਦਾ ਕਾਰਜ ਰਿਹਾ ਹੈ।
ਕੂਈਨਜ਼ਲੈਂਡ ਦੀਆਂ ਦੋ ਕੌਂਸਲਾਂ ਦੇ ਖੇਤਰ ਵਿੱਚ ਪੰਜਾਬੀ ਸਟਰੀਟ ਲਾਇਬ੍ਰੇਰੀਆਂ ਤੇ ਉਸ ਵਿੱਚ ਪੰਜਾਬੀ ਦੀਆਂ ਪੁਸਤਕਾਂ ਮੁਹੱਈਆ ਕਰਨ ਵਾਲਾ ਵਿਲੱਖਣ ਕੰਮ ਇਸ ਸਭਾ ਦੇ ਹਿੱਸੇ ਆਇਆ। ਪਿਛਲੇ ਪੰਜ ਸਾਲਾਂ ਵਿੱਚ “ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ” ਨੇ ਵੱਖ ਵੱਖ ਪੰਜਾਬੀ ਜਾਂ ਭਾਰਤੀ ਤੇ ਆਸਟਰੇਲੀਆ ਦੀਆਂ ਸੰਸਥਾਵਾਂ ਨਾਲ ਆਪਣੇ ਸਬੰਧ ਕਾਇਮ ਕੀਤੇ ਜਿਹਨਾਂ ਵਿੱਚ ਇੰਡੋਜ ਟੀਵੀ, ਰੇਡੀਓ 4ਈਬੀ, ਮਾਝਾ ਯੂਥ ਕਲੱਬ, ਡਾਕਟਰ ਅੰਬੇਡਕਰ ਸੋਸਾਇਟੀ, ਇੰਡੋਜ ਸਾਹਿਤ ਸਭਾ, ਪਾਕਿਸਤਾਨੀ ਪੰਜਾਬੀ ਸੰਸਥਾ ਆਦਿ ਜਿਕਰਯੋਗ ਨਾਮ ਹਨ। ਪੰਜਾਬੀ ਵਿੱਚ ਛਪੀਆਂ ਲਿਖਤਾਂ ਉੱਪਰ ਗੋਸ਼ਟੀ ਸਮਾਗਮ ਕਰਵਾਉਣੇ ਤੇ ਹਰਪਾਲ ਪੰਨੂੰ ਵਰਗੇ ਵੱਡੇ ਸਾਹਿਤਕਾਰ , ਗੁਰਦਿਆਲ ਰੌਸ਼ਨ ਜੀ ਵਰਗੇ ਕੱਦਵਾਨ ਗਜ਼ਲਗੋ ਤੇ ਜੱਸੀ ਧਾਲੀਵਾਲ ਵਰਗੇ ਨੌਜਵਾਨ ਕਹਾਣੀਕਾਰ ਦਾ ਇਸ ਪਲੇਟਫਾਰਮ ਤੋਂ ਲੋਕਾਂ ਦੇ ਰੂਬਰੂ ਹੋਣਾ , ਸਭਾ ਦਾ ਮਾਣ ਵਧਾਉਂਦਾ ਹੈ। ਸਭਾ ਮੈਂਬਰਾਂ ਦੇ ਸਾਂਝੇ ਕਾਵਿ ਸੰਗ੍ਰਿਹ ਨਾਲ ਨਵੇਂ ਤੇ ਸਥਾਪਿਤ ਪੰਜਾਬੀ ਦੇ ਲੇਖਕਾਂ ਦੀ ਸਾਂਝ ਪਵਾਉਣ ਦਾ ਕਾਰਜ ਵੀ ਇਸ ਸਭਾ ਦੇ ਹਿੱਸੇ ਆਇਆ। ਕੋਵਿਡ ਦੇ ਦੌਰਾਨ ਆਨਲਾਈਨ ਪ੍ਰੋਗਰਾਮ ਜਾਰੀ ਰੱਖਣਾ ਭਾਵੇਂ ਇਕ ਚੁਣੌਤੀ ਸੀ ਪਰ ਸਭਾ ਨੇ ਉਸ ਨਾਲ ਵੀ ਨਜਿੱਠਣ ਵਿੱਚ ਮੋਹਰੀ ਕਦਮ ਪੁੱਟੇ। ਇਹ ਜਾਣਕਾਰੀ ਸਮੂਹ ਕਾਰਜਕਾਰਨੀ ਮੈਂਬਰਾਂ ਨੇ ਇਕ ਪ੍ਰੈੱਸ ਨੋਟ ਰਾਹੀਂ ਸਾਡੇ ਨਾਲ ਸਾਂਝੀ ਕੀਤੀ।