ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ‘ਚ ਭਾਜਪਾ ਵਰਕਰਾਂ ਦੀਆਂ ਗੈਰ-ਸੰਵਿਧਾਨਕ ਗ੍ਰਿਫ਼ਤਾਰੀਆਂ ਦੀ ਕੀਤੀ ਨਿੰਦਾ

 ਚੰਡੀਗੜ੍ਹ – ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪੰਜਾਬ ਵਿੱਚ ਭਾਜਪਾ ਵਰਕਰਾਂ ਦੀਆਂ ਗ੍ਰਿਫ਼ਤਾਰੀਆਂ ਦੀ ਸਖ਼ਤ ਨਿੰਦਾ ਕੀਤੀ। ਇਨ੍ਹਾਂ ਵਰਕਰਾਂ ਨੂੰ ਉਦੋਂ ਗ੍ਰਿਫ਼ਤਾਰ ਕੀਤਾ ਗਿਆ ਜਦੋਂ ਉਹ ਕੇਂਦਰ ਸਰਕਾਰ ਦੀਆਂ ਭਲਾਈ ਸਕੀਮਾਂ ਬਾਰੇ ਜਾਗਰੂਕਤਾ ਕੈਂਪ ਲਗਾ ਰਹੇ ਸਨ, ਜਿਨ੍ਹਾਂ ਨੂੰ ਭਗਵੰਤ ਮਾਨ ਸਰਕਾਰ ਦੇ ਨਿਰਦੇਸ਼ਾਂ ‘ਤੇ ਸੂਬਾ ਪੁਲਿਸ ਨੇ ਜ਼ਬਰਦਸਤੀ ਬੰਦ ਕਰਵਾ ਦਿੱਤਾ ਸੀ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਨਸ਼ਿਆਂ ‘ਤੇ ਰੋਕ ਲਗਾਉਣ ਅਤੇ ਕਾਨੂੰਨ ਵਿਵਸਥਾ ਨੂੰ ਮਜ਼ਬੂਤ ​​ਕਰਨ ਦੀ ਬਜਾਏ, ‘ਆਪ’ ਸਰਕਾਰ ਵੱਲੋਂ ਭਾਜਪਾ ਦੀਆਂ ਜਾਇਜ਼ ਅਤੇ ਜਮਹੂਰੀ ਪਹਿਲਕਦਮੀਆਂ ਨੂੰ ਦਬਾਉਣ ਲਈ ਪੰਜਾਬ ਪੁਲਿਸ ਨੂੰ ਰਾਜਨੀਤਿਕ ਹਥਿਆਰ ਵਜੋਂ ਵਰਤਿਆ ਜਾ ਰਿਹਾ ਹੈ।

ਉਨ੍ਹਾਂ ਕਿਹਾ, “ਭਾਜਪਾ ਆਯੁਸ਼ਮਾਨ ਭਾਰਤ, ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਅਤੇ ਪੈਨਸ਼ਨ ਸਕੀਮਾਂ ਵਰਗੀਆਂ ਕੇਂਦਰੀ ਸਕੀਮਾਂ ਦੇ ਲਾਭ ਗਰੀਬ ਪਰਿਵਾਰਾਂ, ਕਿਸਾਨਾਂ, ਔਰਤਾਂ ਅਤੇ ਨੌਜਵਾਨਾਂ ਤੱਕ ਪਹੁੰਚਾਉਣ ਲਈ ਪਿੰਡਾਂ ਵਿੱਚ ਕੈਂਪ ਲਗਾ ਰਹੀ ਹੈ। ਪਰ ਮਾਨ ਸਰਕਾਰ ਰਾਜਨੀਤਿਕ ਅਸੁਰੱਖਿਆ ਕਾਰਨ ਇਸ ਚੰਗੇ ਕੰਮ ਵਿੱਚ ਰੁਕਾਵਟ ਪਾ ਰਹੀ ਹੈ।’

‘ਆਪ’ ਸਰਕਾਰ ਦੀ ਕਾਰਗੁਜ਼ਾਰੀ ‘ਤੇ ਸਵਾਲ ਉਠਾਉਂਦੇ ਹੋਏ ਕੈਪਟਨ ਅਮਰਿੰਦਰ ਨੇ ਕਿਹਾ: “ਇਹ ਭਗਵੰਤ ਮਾਨ ਸਰਕਾਰ ਦੀ ਪੂਰੀ ਤਰ੍ਹਾਂ ਅਸਫਲਤਾ ਦਾ ਨਤੀਜਾ ਹੈ ਕਿ ਭਾਜਪਾ ਨੂੰ ਲੋਕਾਂ ਨੂੰ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਨਾਲ ਜੋੜਨ ਲਈ ਅੱਗੇ ਆਉਣਾ ਪਿਆ। ਇਸ ਪਹੁੰਚ ਦਾ ਸਵਾਗਤ ਕਰਨ ਦੀ ਬਜਾਏ, ਸੂਬਾ ਸਰਕਾਰ ਗ੍ਰਿਫ਼ਤਾਰੀਆਂ ਅਤੇ ਪਰੇਸ਼ਾਨੀ ਦਾ ਸਹਾਰਾ ਲੈ ਰਹੀ ਹੈ। ਇਹ ਸਿਰਫ ਮਾਨ ਸਰਕਾਰ ਦੇ ਪੰਜਾਬ ਦੇ ਆਮ ਲੋਕਾਂ ਨਾਲ ਭਾਜਪਾ ਦੇ ਵਧਦੇ ਸਬੰਧਾਂ ਤੋਂ ਡਰ ਨੂੰ ਦਰਸਾਉਂਦਾ ਹੈ।”

ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਨੇ ਇਹ ਵੀ ਸਵਾਲ ਕੀਤਾ ਕਿ ਕੀ ਭਗਵੰਤ ਮਾਨ ਅਸਲ ਵਿੱਚ ਪੰਜਾਬ ‘ਤੇ ਰਾਜ ਕਰ ਰਹੇ ਸਨ ਜਾਂ ਸਿਰਫ਼ ਦਿੱਲੀ ਤੋਂ ਆ ਰਹੀਆਂ ਹਦਾਇਤਾਂ ਦੀ ਪਾਲਣਾ ਕਰ ਰਹੇ ਸਨ। “ਕਲਿਆਣਕਾਰੀ ਕੈਂਪਾਂ ਨੂੰ ਰੋਕ ਕੇ, ‘ਆਪ’ ਸਰਕਾਰ ਨੇ ਆਪਣੀ ਅਸੁਰੱਖਿਆ ਦਾ ਪਰਦਾਫਾਸ਼ ਕੀਤਾ ਹੈ ਅਤੇ ਉਨ੍ਹਾਂ ਲੋਕਾਂ ਦੇ ਵਿਸ਼ਵਾਸ ਨੂੰ ਵੀ ਤੋੜਿਆ ਹੈ ਜੋ ਪਹਿਲਾਂ ਹੀ ਬੇਰੁਜ਼ਗਾਰੀ, ਮਾੜੇ ਬੁਨਿਆਦੀ ਢਾਂਚੇ ਅਤੇ ਬੇਕਾਬੂ ਡਰੱਗ ਸੰਕਟ ਦਾ ਸਾਹਮਣਾ ਕਰ ਰਹੇ ਹਨ।

ਅੰਤ ਵਿੱਚ, ਉਨ੍ਹਾਂ ਨੇ ਪੰਜਾਬ ਦੇ ਰਾਜਪਾਲ ਅਤੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਪੰਜਾਬ ਪੁਲਿਸ ਦੀ ਰਾਜਨੀਤਿਕ ਦੁਰਵਰਤੋਂ ਦਾ ਗੰਭੀਰ ਨੋਟਿਸ ਲੈਣ ਦੀ ਅਪੀਲ ਕੀਤੀ।

ਉਨ੍ਹਾਂ ਜ਼ੋਰ ਦੇ ਕੇ ਕਿਹਾ, “ਪੰਜਾਬ ਦੇ ਲੋਕ ਤਾਨਾਸ਼ਾਹੀ ਨਹੀਂ ਸਗੋਂ ਚੰਗਾ ਸ਼ਾਸਨ ਚਾਹੁੰਦੇ ਹਨ। ਭਾਜਪਾ ਸਮਾਜ ਦੇ ਹਰ ਵਰਗ ਦੇ ਹੱਕਾਂ ਲਈ ਲੜਦੀ ਰਹੇਗੀ ਅਤੇ ਇਹ ਯਕੀਨੀ ਬਣਾਏਗੀ ਕਿ ਕੇਂਦਰ ਦੀਆਂ ਯੋਜਨਾਵਾਂ ਦਾ ਲਾਭ ਹਰ ਘਰ ਤੱਕ ਪਹੁੰਚੇ, ਭਾਵੇਂ ਮਾਨ ਸਰਕਾਰ ਕਿੰਨੀਆਂ ਵੀ ਰੁਕਾਵਟਾਂ ਕਿਉਂ ਨਾ ਖੜ੍ਹੀਆਂ ਕਰੇ।