ਚੰਡੀਗੜ੍ਹ-ਜਾਬ ਸਰਕਾਰ ਨੇ ਆਈਏਐੱਸ ਅਧਿਕਾਰੀ ਰਾਜੇਸ਼ ਤ੍ਰਿਪਾਠੀ ਨੂੰ ਚਾਰਜਸ਼ੀਟ ਜਾਰੀ ਕਰ ਦਿੱਤੀ ਹੈ। ਬਕਾਇਦਾ ਉਨ੍ਹਾਂ ਖ਼ਿਲਾਫ਼ ਲੱਗੇ ਦੋਸ਼ਾਂ ਦੀ ਜਾਂਚ ਲਈ ਸੀਨੀਅਰ ਆਈਏਐੱਸ ਅਧਿਕਾਰੀ ਡੀਕੇ ਤਿਵਾੜੀ ਨੂੰ ਜਾਂਚ ਅਧਿਕਾਰੀ ਨਿਯੁਕਤ ਕੀਤਾ ਹੈ। ਦੱਸਣਯੋਗ ਹੈ ਕਿ ਤ੍ਰਿਪਾਠੀ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਸਨ ਤੇ ਕਰੀਬ ਛੇ ਮਹੀਨੇ ਪਹਿਲਾਂ ਮੁਅੱਤਲ ਕੀਤਾ ਗਿਆ ਸੀ।
ਰਾਜੇਸ਼ ਤ੍ਰਿਪਾਠੀ ਪੀਸੀਐੱਸ ਤੋਂ ਆਈਏਐੱਸ ਪਦਉੱਨਤ ਹੋਏ ਸਨ ਤੇ ਉਨ੍ਹਾਂ ਨੂੰ ਪਹਿਲੀ ਵਾਰ ਡਿਪਟੀ ਕਮਿਸ਼ਨਰ ਲਗਾਇਆ ਗਿਆ ਸੀ। ਜਿਨ੍ਹਾਂ ਨੂੰ ਸ਼ਿਕਾਇਤਾਂ ਮਿਲਣ ਮਗਰੋਂ ਸਰਕਾਰ ਨੇ 17 ਫਰਵਰੀ ਨੂੰ ਮੁਅੱਤਲ ਕਰ ਦਿੱਤਾ ਸੀ। ਜਾਰੀ ਕੀਤੇ ਗਏ ਹੁਕਮਾਂ ’ਚ ਕਿਹਾ ਗਿਆ ਹੈ ਕਿ ਸਰਕਾਰ ਨੂੰ ਰਾਜੇਸ਼ ਤ੍ਰਿਪਾਠੀ ਵਿਰੁੱਧ ਭ੍ਰਿਸ਼ਟਾਚਾਰ ਦੀਆਂ ਗੰਭੀਰ ਸ਼ਿਕਾਇਤਾਂ ਮਿਲੀਆਂ ਸਨ, ਜਿਸ ਤੋਂ ਬਾਅਦ ਆਈਏਐੱਸ ਅਧਿਕਾਰੀ ਵਿਰੁੱਧ ਪੂਰੀ ਜਾਂਚ ਵਿਜੀਲੈਂਸ ਨੂੰ ਸੌਂਪ ਦਿੱਤੀ ਗਈ ਹੈ।
ਦੂਜੇ ਪਾਸੇ ਪਰਸੋਨਲ ਵਿਭਾਗ ਨੇ ਰਾਜੇਸ਼ ਤ੍ਰਿਪਾਠੀ ਵਿਰੁੱਧ ਚਾਰਜਸ਼ੀਟ ਜਾਰੀ ਕੀਤੀ ਹੈ। ਉਨ੍ਹਾਂ ਖਿਲਾਫ਼ ਵੱਖ-ਵੱਖ ਸ਼ਿਕਾਇਤਾਂ ਦੇ ਆਧਾਰ ‘ਤੇ ਦੋਸ਼ਾਂ ਸਬੰਧੀ ਚਾਰਜ਼ਸੀਟ ਜਾਰੀ ਕਰ ਦਿੱਤੀ ਗਈ ਤੇ ਜਵਾਬ ਮੰਗੇ ਹਨ। ਇਹ ਵੀ ਪਤਾ ਲੱਗਾ ਹੈ ਕਿ ਰਾਜੇਸ਼ ਤ੍ਰਿਪਾਠੀ ਨੇ ਜਵਾਬ ਵੀ ਦੇ ਦਿੱਤਾ ਹੈ। ਪੰਜਾਬ ਸਰਕਾਰ ਨੇ ਵਧੀਕ ਮੁੱਖ ਸਕੱਤਰ ਆਬਕਾਰੀ ਅਤੇ ਸੰਸਦੀ ਮਾਮਲੇ ਡੀ.ਕੇ. ਤਿਵਾੜੀ ਨੂੰ ਸੁਣਵਾਈ ਲਈ ਜਾਂਚ ਅਧਿਕਾਰੀ ਨਿਯੁਕਤ ਕੀਤਾ ਹੈ। ਉਨ੍ਹਾਂ ਨੇ ਰਾਜੇਸ਼ ਤ੍ਰਿਪਾਠੀ ਨਾਲ ਸਬੰਧਤ ਸਾਰਾ ਰਿਕਾਰਡ ਤਲਬ ਕਰ ਲਿਆ ਹੈ।
ਪਿਛਲੇ ਪੰਜ ਮਹੀਨਿਆਂ ਤੋਂ ਬਹੁਤ ਸਾਰੇ ਆਈਏਐੱਸ ਤੇ ਪੀਸੀਐੱਸ ਅਧਿਕਾਰੀ ਪੋਸਟਿੰਗ ਦੀ ਉਡੀਕ ’ਚ ਬੈਠੇ ਹਨ। ਦੋ ਦਿਨ ਪਹਿਲਾਂ ਜਦੋਂ 31 ਆਈਏਐੱਸ ਤੇ ਪੀਸੀਐੱਸ ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ ਸੀ, ਤਾਂ ਉਨ੍ਹਾਂ ’ਚੋਂ ਸਿਰਫ਼ ਦੋ ਨੂੰ ਹੀ ਨਵੀਂ ਪੋਸਟਿੰਗ ਦਿੱਤੀ ਗਈ ਹੈ। ਕਈਆਂ ਨੂੰ ਅਜੇ ਤੱਕ ਕੋਈ ਪੋਸਟਿੰਗ ਨਹੀਂ ਮਿਲੀ ਹੈ। ਇਨ੍ਹਾਂ ’ਚੋਂ ਸਭ ਤੋਂ ਮਹੱਤਵਪੂਰਨ ਸਾਬਕਾ ਗ੍ਰਹਿ ਸਕੱਤਰ ਗੁਰਕੀਰਤ ਕ੍ਰਿਪਾਲ ਸਿੰਘ ਹਨ, ਜਿਨ੍ਹਾਂ ਨੂੰ 24 ਮਾਰਚ ਨੂੰ ਗ੍ਰਹਿ ਸਕੱਤਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਪੁਨੀਤ ਕੁਮਾਰ ਗੋਇਲ ਜੋ ਕਿ ਖੁਰਾਕ ਅਤੇ ਸਪਲਾਈ ਵਿਭਾਗ ਦੇ ਡਾਇਰੈਕਟਰ ਸਨ, ਵੀ ਪੋਸਟਿੰਗ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਨੂੰ 24 ਫਰਵਰੀ ਨੂੰ ਹਟਾ ਦਿੱਤਾ ਗਿਆ ਸੀ। ਕੰਵਲਪ੍ਰੀਤ ਬਰਾੜ ਵੇਅਰ ਹਾਊਸਿੰਗ ਦੇ ਐੱਮਡੀ ਸਨ, ਨੂੰ ਵੀ ਅਜੇ ਤੱਕ ਕੋਈ ਪੋਸਟਿੰਹ ਨਹੀਂ ਮਿਲੀ ਹੈ। ਉਨ੍ਹਾਂ ਨੂੰ 24 ਫਰਵਰੀ ਤੋਂ ਅਹੁਦੇ ਤੋਂ ਮੁਕਤ ਕਰ ਦਿੱਤਾ ਗਿਆ ਹੈ। ਪੇਂਡੂ ਵਿਕਾਸ ਤੇ ਪੰਚਾਇਤ ਦੇ ਡਾਇਰੈਕਟਰ ਦੇ ਅਹੁਦੇ ਤੋਂ ਤਿੰਨ ਮਾਰਚ ਨੂੰ ਹਟਾਏ ਗਏ ਪਰਮਜੀਤ ਸਿੰਘ ਨੂੰ ਵੀ ਅਜੇ ਤੱਕ ਕਿਤੇ ਵੀ ਤਾਇਨਾਤ ਨਹੀਂ ਕੀਤਾ ਗਿਆ।