ਐੱਸ ਏ ਐੱਸ ਨਗਰ – ਆਈ.ਟੀ. ਥਾਣਾ ਇਲਾਕੇ ਵਿੱਚ ਸਥਿਤ ਇੱਕ ਪ੍ਰਾਈਵੇਟ ਯੂਨੀਵਰਸਿਟੀ ਦੇ ਅੰਦਰ ਉਸ ਸਮੇਂ ਅਫ਼ਰਾ ਤਫ਼ਰੀ ਦਾ ਮਾਹੌਲ ਬਣ ਗਿਆ ਜਦੋਂ ਇਕ ਥੋੜ੍ਹੇ ਜਿਹੇ ਬੋਲ ਬੁਲਾਰੇ ਤੋਂ ਬਾਅਦ ਕੁਝ ਵਿਦਿਆਰਥੀਆਂ ਨੇ ਮਿਲ ਕੇ ਇਕ ਵਿਦਿਆਰਥੀ ਉੱਤੇ ਹਮਲਾ ਕਰ ਦਿੱਤਾ। ਇਸ ਘਟਨਾ ਵਿੱਚ ਪੀੜਤ ਵਿਦਿਆਰਥੀ, ਜਿਸ ਦਾ ਨਾਮ ਪੂਰਵ ਦੱਸਿਆ ਜਾ ਰਿਹਾ ਹੈ, ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਜ਼ਖ਼ਮੀ ਨੂੰ ਤੁਰੰਤ ਮੋਹਾਲੀ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਪ੍ਰਤੱਖਦਰਸ਼ੀਆਂ ਦੇ ਮੁਤਾਬਕ ਯੂਨੀਵਰਸਿਟੀ ਕੈਂਪਸ ਵਿੱਚ ਕਿਸੇ ਛੋਟੀ ਗੱਲ ਨੂੰ ਲੈ ਕੇ ਵਿਦਿਆਰਥੀਆਂ ਵਿੱਚ ਬੋਲ ਬੁਲਾਰਾ ਹੋ ਗਿਆ ।
ਇਸ ਤੋਂ ਬਾਅਦ ਵਿਵਾਦ ਕੁਝ ਹੀ ਪਲਾਂ ਵਿੱਚ ਵਧ ਗਿਆ ਅਤੇ 3-4 ਵਿਦਿਆਰਥੀਆਂ ਨੇ ਇਕੱਠਿਆਂ ਹੋ ਕੇ ਪੀੜਤ ‘ਤੇ ਬੇਰਹਿਮੀ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਕੁਝ ਹੋਰ ਵਿਦਿਆਰਥੀਆਂ ਨੇ ਘਟਨਾ ਦਾ ਵੀਡੀਓ ਵੀ ਬਣਾ ਲਿਆ, ਜੋ ਹੁਣ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਸਾਫ਼ ਦਿੱਖ ਰਿਹਾ ਹੈ ਕਿ ਕਿਵੇਂ ਟੋਲੀ ਬਣਾ ਕੇ ਵਿਦਿਆਰਥੀ ਨੇ ਪੀੜਤ ਨਾਲ ਮਾਰ ਕੁਟਾਈ ਕੀਤੀ ।
ਇਸ ਘਟਨਾ ਨੇ ਯੂਨੀਵਰਸਿਟੀ ਪ੍ਰਬੰਧਨ ਅਤੇ ਸੁਰੱਖਿਆ ਪ੍ਰਬੰਧਾਂ ‘ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਪ੍ਰਾਈਵੇਟ ਯੂਨੀਵਰਸਿਟੀ ਹੋਣ ਕਰਕੇ ਕੈਂਪਸ ਵਿੱਚ ਸੁਰੱਖਿਆ ਗਾਰਡ ਅਤੇ ਸੀਸੀਟੀਵੀ ਕੈਮਰੇ ਮੌਜੂਦ ਹਨ, ਫਿਰ ਵੀ ਇਸ ਤਰ੍ਹਾਂ ਦੀ ਹਿੰਸਕ ਘਟਨਾ ਵਾਪਰਨਾ ਪ੍ਰਬੰਧਕੀ ਕਾਰਗੁਜ਼ਾਰੀ ‘ਤੇ ਸਵਾਲ ਖੜ੍ਹਦਾ ਹੈ।
ਸੂਤਰਾਂ ਮੁਤਾਬਕ, ਹਮਲਾ ਕਰਨ ਵਾਲਿਆਂ ਵਿੱਚੋਂ ਇੱਕ ਵਿਦਿਆਰਥੀ ਪੰਜਾਬ ਦੇ ਇੱਕ ਸੀਨੀਅਰ ਰਾਜਨੇਤਾ ਦਾ ਨਜ਼ਦੀਕੀ ਰਿਸ਼ਤੇਦਾਰ ਦੱਸਿਆ ਜਾ ਰਿਹਾ ਹੈ। ਇਸ ਕਾਰਨ ਘਟਨਾ ਤੋਂ ਬਾਅਦ ਵਿਦਿਆਰਥੀਆਂ ਅਤੇ ਮਾਪਿਆਂ ਵਿੱਚ ਗ਼ੁੱਸਾ ਅਤੇ ਨਾਰਾਜ਼ਗੀ ਪਾਈ ਜਾ ਰਹੀ ਹੈ। ਫ਼ਿਲਹਾਲ ਪੁਲਿਸ ਨੂੰ ਮਾਮਲੇ ਦੀ ਜਾਣਕਾਰੀ ਦੇ ਦਿੱਤੀ ਗਈ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪ੍ਰਸ਼ਾਸਨ ਅਤੇ ਯੂਨੀਵਰਸਿਟੀ ਪ੍ਰਬੰਧਨ ‘ਤੇ ਦਬਾਅ ਵੱਧ ਰਿਹਾ ਹੈ ਕਿ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਦੁਬਾਰਾ ਨਾ ਹੋਣ।