ਐਸ.ਏ.ਐਸ ਨਗਰ- ਮੁਹਾਲੀ ਦੇ ਫੇਜ਼-2 ਇਲਾਕੇ ਵਿੱਚ ਇੱਕ ਜਿੰਮ ਟ੍ਰੇਨਰ ‘ਤੇ ਸਵੇਰੇ ਤਕਰੀਬਨ 5 ਵਜੇ ਬਾਈਕ ਸਵਾਰ ਹਮਲਾਵਰਾਂ ਨੇ ਗੋਲੀਆਂ ਚਲਾ ਕੇ ਹਮਲਾ ਕਰ ਦਿੱਤਾ। ਹਮਲੇ ਦੌਰਾਨ ਜਿੰਮ ਟ੍ਰੇਨਰ ਦੀਆਂ ਦੋਵੇਂ ਲੱਤਾਂ ‘ਚ ਗੋਲੀਆਂ ਲੱਗੀਆਂ ਹਨ। ਪੁਲਿਸ ਮੌਕੇ ‘ਤੇ ਪਹੁੰਚ ਕੇ ਜਖ਼ਮੀ ਨੂੰ ਨੇੜਲੇ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਕਰਵਾ ਚੁੱਕੀ ਹੈ। ਫ਼ੋਰੈਂਸਿਕ ਟੀਮ ਵੀ ਮੌਕੇ ‘ਤੇ ਜਾਂਚ ਲਈ ਪਹੁੰਚ ਗਈ ਹੈ। ਹਮਲਾਵਰਾਂ ਬਾਰੇ ਅਜੇ ਕੋਈ ਪਤਾ ਨਹੀਂ ਲੱਗ ਸਕਿਆ।
ਸੂਤਰਾ ਤੋਂ ਮਿਲੀ ਜਾਣਕਾਰੀ ਮੁਤਾਬਕ ਜਿੰਮ ਟ੍ਰੇਨਰ ਆਪਣੇ ਘਰੋਂ ਸਵੇਰੇ ਜਿੰਮ ਵੱਲ ਜਾ ਰਿਹਾ ਸੀ, ਉਦੋਂ ਹੀ ਘਾਤ ਲਗਾ ਕੇ ਬੈਠੇ ਹਮਲਾਵਰਾਂ ਨੇ ਉਸ ‘ਤੇ ਗੋਲੀਆਂ ਚਲਾ ਦਿੱਤੀਆਂ। ਜਿੰਮ ਟ੍ਰੇਨਰ ਗੱਡੀ ‘ਚ ਜਿੰਮ ਵੱਲ ਜਾ ਰਿਹਾ ਸੀ।
ਇਹ ਵੀ ਸਾਹਮਣੇ ਆਇਆ ਹੈ ਕਿ ਇਹ ਮਾਮਲਾ ਜਬਰੀ ਵਸੂਲੀ ਨਾਲ ਜੁੜਿਆ ਹੋ ਸਕਦਾ ਹੈ, ਕਿਉਂਕਿ ਮੁਹਾਲੀ ਦੇ ਕਾਰੋਬਾਰੀਆਂ ਨੂੰ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ। ਪਹਿਲਾਂ ਵੀ ਵਸੂਲੀ ਨਾ ਦੇਣ ‘ਤੇ ਉਨ੍ਹਾਂ ਦੇ ਦਫ਼ਤਰਾਂ ਅਤੇ ਘਰਾਂ ‘ਤੇ ਵੀ ਗੋਲੀਬਾਰੀ ਦੀਆਂ ਘਟਨਾਵਾਂ ਹੋਈਆਂ ਸਨ।