ਪੁਲਿਸ ਮੁਕਾਬਲੇ ਦੌਰਾਨ ਗੈਂਗਸਟਰ ਰਣਵੀਰ ਸਿੰਘ ਗ੍ਰਿਫ਼ਤਾਰ, ਲੱਤ ਵਿੱਚ ਗੋਲੀ ਲੱਗੀ – ਲੱਕੀ ਪਟਿਆਲ ਗੈਂਗ ਨਾਲ ਸਬੰਧ

ਐੱਸ ਏ ਐੱਸ ਨਗਰ (ਮੋਹਾਲੀ): ਸੀ.ਆਈ.ਏ. ਮੋਹਾਲੀ ਦੀ ਟੀਮ ਨੇ ਇੱਕ ਮੁਕਾਬਲੇ ਦੌਰਾਨ ਲੋੜੀਂਦੇ ਗੈਂਗਸਟਰ ਰਣਵੀਰ ਸਿੰਘ ਨੂੰ ਗੋਲੀਬਾਰੀ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ। ਜਾਣਕਾਰੀ ਅਨੁਸਾਰ, ਰਣਵੀਰ ਸਿੰਘ ਚੰਡੀਗੜ੍ਹ ਗੋਲੀਬਾਰੀ ਮਾਮਲੇ ਦਾ ਮੁੱਖ ਦੋਸ਼ੀ ਸੀ ਅਤੇ ਫਰਾਰ ਚੱਲ ਰਿਹਾ ਸੀ। ਪੁਲਿਸ ਵੱਲੋਂ ਰੋਕੇ ਜਾਣ ‘ਤੇ ਉਸਨੇ ਆਤਮ ਸਮਰਪਣ ਕਰਨ ਦੀ ਬਜਾਏ ਪੁਲਿਸ ਪਾਰਟੀ ‘ਤੇ ਗੋਲੀ ਚਲਾਈ, ਜਿਸ ਦੇ ਜਵਾਬ ਵਿੱਚ ਪੁਲਿਸ ਨੇ ਵੀ ਗੋਲੀਬਾਰੀ ਕੀਤੀ। ਇਸ ਦੌਰਾਨ ਰਣਵੀਰ ਸਿੰਘ ਦੀ ਲੱਤ ਵਿੱਚ ਗੋਲੀ ਲੱਗੀ ਅਤੇ ਉਸਨੂੰ ਤੁਰੰਤ ਹਸਪਤਾਲ ਭੇਜਿਆ ਗਿਆ।

ਪੁਲਿਸ ਨੇ ਦੋਸ਼ੀ ਦੇ ਕਬਜ਼ੇ ਤੋਂ .32 ਬੋਰ ਦਾ ਪਿਸਤੌਲ ਬਰਾਮਦ ਕੀਤਾ ਹੈ ਅਤੇ ਪੁਲਿਸ ‘ਤੇ ਗੋਲੀ ਚਲਾਉਣ ਦੇ ਦੋਸ਼ ਵਿੱਚ ਉਸ ਵਿਰੁੱਧ ਨਵੀਂ ਐਫ.ਆਈ.ਆਰ. ਦਰਜ ਕੀਤੀ ਜਾ ਰਹੀ ਹੈ। ਐਸ.ਐਸ.ਪੀ. ਹਾਂਸ ਨੇ ਦੱਸਿਆ ਕਿ ਰਣਵੀਰ ਸਿੰਘ ਸਮੇਤ ਤਿੰਨ ਮੁਲਜ਼ਮ — ਅਰਸ਼ਜੋਤ ਸਿੰਘ (ਬੱਲੋਮਾਜਰਾ), ਰਣਵੀਰ ਸਿੰਘ (ਗੁਨੋ ਮਾਜਰਾ) ਅਤੇ ਜਸ਼ਨਜੀਤ ਸਿੰਘ (ਖਰੜ) — ਵਿਰੁੱਧ ਥਾਣਾ ਸਿਟੀ ਖਰੜ ਵਿਖੇ ਐਫ.ਆਈ.ਆਰ. ਨੰਬਰ 402 ਮਿਤੀ 09 ਨਵੰਬਰ 2025 ਦਰਜ ਕੀਤੀ ਗਈ ਸੀ।

ਜਾਂਚ ਦੌਰਾਨ ਪਤਾ ਲੱਗਾ ਕਿ ਇਹ ਤਿੰਨੋਂ ਮੁਲਜ਼ਮ 4 ਨਵੰਬਰ ਨੂੰ ਚੰਡੀਗੜ੍ਹ ਦੇ ਸੈਕਟਰ 39 ਵਿੱਚ ਹੋਟਲ ਰੀਜੈਂਟਾ ਦੇ ਮਾਲਕ ਮਨਪ੍ਰੀਤ ਸਿੰਘ ਤੋਂ ਫਿਰੌਤੀ ਮੰਗਣ ਤੋਂ ਬਾਅਦ ਗੋਲੀਬਾਰੀ ਵਿੱਚ ਸ਼ਾਮਲ ਸਨ। ਇਸ ਘਟਨਾ ਸਬੰਧੀ ਚੰਡੀਗੜ੍ਹ ਪੁਲਿਸ ਨੇ ਪਹਿਲਾਂ ਹੀ ਐਫ.ਆਈ.ਆਰ. ਨੰਬਰ 134 ਮਿਤੀ 05 ਨਵੰਬਰ 2025 ਦਰਜ ਕੀਤੀ ਸੀ।

ਐਸ.ਐਸ.ਪੀ. ਹਾਂਸ ਨੇ ਕਿਹਾ ਕਿ ਇਹ ਤਿੰਨੋਂ ਮੁਲਜ਼ਮ ਲੱਕੀ ਪਟਿਆਲ ਅਤੇ ਦਵਿੰਦਰ ਬੰਬੀਹਾ ਗੈਂਗ ਨਾਲ ਜੁੜੇ ਹੋਏ ਹਨ ਅਤੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਸੰਗੀਨ ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦੇ ਹਨ। ਕੱਲ੍ਹ ਅਰਸ਼ਜੋਤ ਸਿੰਘ ਅਤੇ ਜਸ਼ਨਜੀਤ ਸਿੰਘ ਨੂੰ ਵੀ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਤੋਂ .30 ਬੋਰ ਪਿਸਤੌਲ ਅਤੇ ਤਿੰਨ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਸਨ।

Keywords:

Mohali gangster Ranvir Singh, Ranvir Singh arrest, Mohali police encounter, Lucky Patiala gang, Davinder Bambiha gang, Chandigarh firing case, CIA Mohali, SAS Nagar crime news, Arshjot Singh, Jashanjeet Singh, Punjab gangsters news