ਜ਼ੀਰਕਪੁਰ : ਜ਼ੀਰਕਪੁਰ ਦੇ ਇੱਕ ਨਿੱਜੀ ਹੋਟਲ ਵਿਚ ਐਤਵਾਰ ਦੀ ਰਾਤ ਇੱਕ ਜੋੜੇ (ਪਤੀ-ਪਤਨੀ) ਵੱਲੋਂ ਹੈਰੋਇਨ ਸੇਵਨ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹੋਟਲ ਪ੍ਰਬੰਧਕਾਂ ਵੱਲੋਂ ਵਾਰ-ਵਾਰ ਡੋਰ ਬੈੱਲ ਵਜਾਉਣ ਦੇ ਬਾਵਜੂਦ ਜੋੜੇ ਨੇ ਅੰਦਰ ਤੋਂ ਕਮਰਾ ਨਹੀਂ ਖੋਲ੍ਹਿਆ। ਪੁਲਿਸ ਨੇ ਸੂਚਨਾ ਮਿਲਣ ਤੋਂ ਬਾਅਦ ਜਦੋਂ ਮੌਕੇ ’ਤੇ ਪਹੁੰਚ ਕੇ ਕਮਰਾ ਨੰਬਰ 112 ਖੋਲ੍ਹਿਆ ਤਾਂ ਪਤਨੀ ਬੇਹੋਸ਼ ਹਾਲਤ ਵਿਚ ਮਿਲੀ, ਜਦਕਿ ਉਸ ਦਾ ਪਤੀ ਵੀ ਨਸ਼ੇ ਦੀ ਹਾਲਤ ਵਿਚ ਅੰਦਰ ਹੀ ਮੌਜੂਦ ਸੀ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਬਲਟਾਣਾ ਦੇ ਚੌਕੀ ਇੰਚਾਰਜ ਐੱਸਆਈ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਹੋਟਲ ਦੇ ਪ੍ਰਬੰਧਕਾਂ ਵੱਲੋਂ ਪੁਲਿਸ ਕੰਟਰੋਲ ਰੂਮ ਨੂੰ ਸੂਚਿਤ ਕੀਤਾ ਗਿਆ ਸੀ ਕਿ ਹੋਟਲ ਦੇ ਇੱਕ ਕਮਰੇ ਵਿਚ ਇੱਕ ਜੋੜਾ ਰੁਕਿਆ ਹੋਇਆ ਹੈ ਪਰ ਉਨ੍ਹਾਂ ਵੱਲੋਂ ਕਮਰੇ ਦਾ ਦਰਵਾਜ਼ਾ ਨਹੀਂ ਖੋਲ੍ਹਿਆ ਜਾ ਰਿਹਾ, ਜਿਸ ਤੋਂ ਬਾਅਦ ਪੁਲਿਸ ਪਾਰਟੀ ਨੇ ਮੌਕੇ ’ਤੇ ਪਹੁੰਚ ਕੇ ਦਰਵਾਜ਼ਾ ਖੁਲਵਾਇਆ ਤਾਂ ਕਮਰੇ ਦੇ ਅੰਦਰ ਔਰਤ ਬੇਹੋਸ਼ੀ ਦੀ ਹਾਲਤ ਵਿਚ ਸੀ ਅਤੇ ਉਸ ਦਾ ਪਤੀ ਵੀ ਕਾਫ਼ੀ ਨਸ਼ੇ ਦੀ ਹਾਲਤ ਵਿਚ ਸੀ। ਉਨ੍ਹਾਂ ਦੱਸਿਆ ਕਿ ਕਮਰੇ ਦੀ ਤਲਾਸ਼ੀ ਦੌਰਾਨ ਪੁਲਿਸ ਨੂੰ ਲਾਈਟਰ, ਵਰਤੇ ਹੋਏ ਫੌਇਲ ਪੇਪਰ ਤੇ ਸਿਗਰਟਾਂ ਦੀਆਂ ਡੱਬੀਆਂ ਮਿਲੀਆਂ। ਦੋਵਾਂ ਨੇ ਮੰਨਿਆ ਕਿ ਉਹ ਹੈਰੋਇਨ ਦਾ ਸੇਵਨ ਕਰਦੇ ਹਨ। ਪੁਲਿਸ ਵੱਲੋਂ ਦੋਵਾਂ ਦਾ ਡੋਪ ਟੈਸਟ ਕਰਵਾਇਆ ਗਿਆ, ਜਿੱਥੇ ਰਿਪੋਰਟ ਵਿਚ ਦੋਵਾਂ ਦਾ ਟੈਸਟ ਪਾਜ਼ੇਟਿਵ ਆਇਆ ਹੈ। ਪੁਲਿਸ ਨੇ ਦੋਵਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਵਾਈ ਆਰੰਭ ਕਰ ਦਿੱਤੀ ਹੈ।
ਪੀਐੱਚਡੀ ਕੈਮਿਸਟਰੀ ਕਰ ਰਹੀ ਹੈ ਨਸ਼ਾ ਕਰਨ ਵਾਲੀ ਔਰਤ: ਪੁੱਛਗਿੱਛ ਦੌਰਾਨ ਉਕਤ ਜੋੜੇ ਨੇ ਦੱਸਿਆ ਕਿ ਅਦਿਤਿਆ 28 ਸਾਲ ਕਲਕੱਤਾ ਦਾ ਰਹਿਣ ਵਾਲਾ ਹੈ ਤੇ ਗੁੜਗਾਉਂ ਵਿਚ ਰੀਅਲ ਅਸਟੇਟ ਕੰਪਨੀ ’ਚ ਨੌਕਰੀ ਕਰਦਾ ਹੈ, ਜਦਕਿ ਭਾਵਨਾ 27 ਸਾਲ ਭਿਵਾਨੀ ਹਰਿਆਣਾ ਦੀ ਰਹਿਣ ਵਾਲੀ ਹੈ, ਜਿਸ ਨੇ ਐੱਮਐੱਸਸੀ ਕੈਮਿਸਟਰੀ ਕੀਤੀ ਹੋਈ ਹੈ ਤੇ ਇਸ ਵੇਲੇ ਪੀਐੱਚਡੀ ਕਰ ਰਹੀ ਹੈ। ਦੋਵੇਂ ਨੇ ਲਗਭਗ ਡੇਢ ਸਾਲ ਪਹਿਲਾਂ ਲਵ ਮੈਰਿਜ ਕੀਤੀ ਸੀ। ਜਾਣਕਾਰੀ ਅਨੁਸਾਰ ਅਦਿਤਿਆ ਦਾ ਪਿਤਾ ਜ਼ੀਰਕਪੁਰ ’ਚ ਰਹਿੰਦਾ ਹੈ ਤੇ ਉਸ ਦਾ ਇਲਾਜ ਜ਼ੀਰਕਪੁਰ ਦੇ ਇੱਕ ਨਿੱਜੀ ਹਸਪਤਾਲ ’ਚ ਚੱਲ ਰਿਹਾ ਹੈ। ਦੋਵੇਂ ਪਿਤਾ ਦੀ ਤਬੀਅਤ ਬਾਰੇ ਪਤਾ ਕਰਨ ਆਏ ਸਨ ਤੇ ਹੋਟਲ ਵਿਚ ਰੁਕੇ ਸਨ। ਪੁਲਿਸ ਇਹ ਵੀ ਜਾਂਚ ਰਹੀ ਹੈ ਕਿ ਇਨ੍ਹਾਂ ਕੋਲ ਹੈਰੋਇਨ ਪਹਿਲਾਂ ਤੋਂ ਸੀ ਜਾਂ ਕਿਸੇ ਨੇ ਹੋਟਲ ਦੇ ਅੰਦਰ ਜਾਂ ਬਾਹਰ ਤੋਂ ਸਪਲਾਈ ਕੀਤੀ। ਇਸ ਲਈ ਹੋਟਲ ਦੇ ਸੀਸੀਟੀਵੀ ਫੁਟੇਜ ਵੀ ਚੈੱਕ ਕੀਤੀ ਜਾ ਰਹੀ ਹੈ।
keywords: zirakpur hotel news, punjab drug case, zirakpur heroin couple, balatana police news, punjab nasha news, hotel drug use case, heroin consumption zirakpur, punjab latest crime news, chandigarh tricity news, zirakpur police action
