PM Modi ਨੇ ਨੋਬਲ ਲਈ ਟਰੰਪ ਦਾ ਨਹੀਂ ਕੀਤਾ ਸਮਰਥਨ

ਨਿਊਯਾਰਕ – ਭਾਰਤ ਤੇ ਅਮਰੀਕਾ ਵਿਚਾਲੇ ਰਿਸ਼ਤੇ ਉਸ ਸਮੇਂ ਖ਼ਰਾਬ ਹੋਣੇ ਸ਼ੁਰੂ ਹੋ ਗਏ, ਜਦੋਂ ਨਰਿੰਦਰ ਮੋਦੀ ਤੇ ਡੋਨਾਲਡ ਟਰੰਪ ਵਿਚਾਲੇ ਟੈਲੀਫੋਨ ’ਤੇ ਗੱਲਬਾਤ ਹੋਈ ਸੀ। ਨਿਊਯਾਰਕ ਟਾਈਮਜ਼ ਦੀ ਰਿਪੋਰਟ ਅਨੁਸਾਰ ਟੈਲੀਫੋਨ ’ਤੇ ਗੱਲਬਾਤ ਦੌਰਾਨ ਟਰੰਪ ਦਾ ਵਾਰ ਵਾਰ ਇਹ ਕਹਿਣਾ ਕਿ ਭਾਰਤ-ਪਾਕਿਸਤਾਨ ਵਿਚਾਲੇ ਫ਼ੌਜੀ ਸੰਘਰਸ਼ ਉਨ੍ਹਾਂ ਨੇ ਰੁਕਵਾਇਆ ਤੇ ਇਸਦੇ ਲਈ ਪੀਐੱਮ ਮੋਦੀ ਨੂੰ ਉਨ੍ਹਾਂ ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਕਰਨਾ ਚਾਹੀਦਾ ਹੈ, ਪੀਐੱਮ ਮੋਦੀ ਨੂੰ ਮਾੜਾ ਮਹਿਸੂਸ ਕਰਵਾ ਰਿਹਾ ਸੀ। ਕੈਨੇਡਾ ’ਚ ਹੋਏ ਜੀ-7 ਸਿਖ਼ਰ ਸੰਮੇਲਨ ਤੋਂ ਵੱਖ 17 ਜੂਨ ਨੂੰ ਟਰੰਪ ਤੇ ਮੋਦੀ ਵਿਚਾਲੇ 35 ਮਿੰਟਾਂ ਤੱਕ ਟੈਲੀਫੋਨ ’ਤੇ ਗੱਲਬਾਤ ਹੋਈ ਸੀ। ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਪੀਐੱਮ ਮੋਦੀ ਨੇ ਟਰੰਪ ਦੇ ਦਾਅਵੇ ਨੂੰ ਖ਼ਾਰਜ ਕਰਦੇ ਹੋਏ ਉਨ੍ਹਾਂ ਦੀ ਮੰਗ ਨੂੰ ਨਾਮਨਜ਼ੂਰ ਕਰ ਦਿੱਤਾ ਸੀ। ਇਸ ਤੋਂ ਬਾਅਦ ਤੋਂ ਹੁਣ ਤੱਕ ਪੀਐੱਮ ਮੋਦੀ ਤੇ ਟਰੰਪ ਵਿਚਾਲੇ ਕੋਈ ਗੱਲਬਾਤ ਨਹੀਂ ਹੋਈ ਹੈ।

ਰਿਪੋਰਟ ਅਨੁਸਾਰ, ਟਰੰਨ ਨੇ ਫੋਨ ’ਤੇ ਮੋਦੀ ਨੂੰ ਕਿਹਾ ਕਿ ਫ਼ੌਜੀ ਤਣਾਅ ਖ਼ਤਮ ਕਰਨ ’ਤੇ ਉਨ੍ਹਾਂ ਨੂੰ ਮਾਣ ਹੈ ਤੇ ਪਾਕਿਸਤਾਨ ਉਨ੍ਹਾਂ ਨੂੰ ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਕਰਨ ਵਾਲਾ ਹੈ। ਫੋਨ ਨਾਲ ਜੁੜੇ ਲੋਕਾਂ ਮੁਤਾਬਕ, ਟਰੰਪ ਦੀ ਮਨਸ਼ਾ ਇਹ ਸੀ ਕਿ ਪੀਐੱਮ ਮੋਦੀ ਨੂੰ ਵੀ ਉਹੀ ਜਿਹਾ ਹੀ ਕਰਨਾ ਚਾਹੀਦਾ ਹੈ। ਦੱਸਿਆ ਜਾਂਦਾ ਹੈ ਕਿ ਪੀਐੱਮ ਮੋਦੀ ਟਰੰਪ ਦੀ ਗੱਲ ਸੁਣ ਕੇ ਭੜਕ ਗਏ ਤੇ ਕਿਹਾ ਕਿ ਹਾਲ ਹੀ ਦੀ ਜੰਗਬੰਦੀ ’ਚ ਅਮਰੀਕਾ ਦੀ ਹਿੱਸੇਦਾਰੀ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਇਸ ਨੂੰ ਸਿੱਧੇ ਤੌਰ ’ਤੇ ਸੁਲਝਾ ਲਿਆ ਗਿਆ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਟਰੰਪ ਜਨਤਕ ਮੰਚਾਂ ’ਤੇ ਭਾਰਤ-ਪਾਕਿ ਜੰਗ ਨੂੰ ਰੁਕਵਾਉਣ ਦਾ ਦਾਅਵਾ ਕਰ ਚੁੱਕੇ ਸਨ। ਟਰੰਪ ਨੇ ਮੋਦੀ ਦੀਆਂ ਟਿੱਪਣੀਆਂ ਨੂੰ ਜ਼ਿਆਦਾਤਰ ਨਜ਼ਰਅੰਦਾਜ਼ ਕਰ ਦਿੱਤਾ ਪਰ ਦੋਵਾਂ ਵਿਚਾਲੇ ਦੂਰੀਆਂ ਪੈਦਾ ਹੋ ਗਈਆਂ।

ਰਿਪੋਰਟ ਅਨੁਸਾਰ, 35 ਮਿੰਟਾਂ ਤੱਕ ਚੱਲੀ ਟਰੰਪ-ਮੋਦੀ ਦੀ ਫੋਨਕਾਲ ਦੌਰਾਨ ਪੀਐੱਮ ਮੋਦੀ ਨੇ ਵਤਨ ਵਾਪਸੀ ਤੋਂ ਪਹਿਲਾਂ ਵਾਸ਼ਿੰਗਟਨ ਆਉਣ ਦੇ ਟਰੰਪ ਦੇ ਸੱਦੇ ਨੂੰ ਵੀ ਨਾਮਨਜ਼ੂਰਕ ਕਰ ਦਿੱਤਾ। ਅਜਿਹਾ ਖ਼ਦਸ਼ਾ ਸੀ ਕਿ ਟਰੰਪ ਪੀਐੱਮ ਮੋਦੀ ਤੇ ਪਾਕਿਸਤਾਨੀ ਫ਼ੌਜ ਮੁਖੀ ਆਸਿਮ ਮੁਨੀਰ ਵਿਚਾਲੇ ਹੱਥ ਮਿਲਾਉਣ ਲਈ ਜ਼ਬਰਦਸਤੀ ਕਰ ਸਕਦੇ ਹਨ। ਇਕ ਸੀਨੀਅਰ ਭਾਰਤੀ ਅਧਿਕਾਰੀ ਨੇ ਦੱਸਿਆ ਕਿ ਟਰੰਪ ਨੂੰ ਭਾਰਤ-ਪਾਕਿਸਤਾਨ ਦੇ ਰਿਸ਼ਤਿਆਂ ਦੀ ਗੁੰਝਲ ਦੀ ਜ਼ਰਾ ਵੀ ਪਰਵਾਹ ਨਹੀਂ ਹੈ। ਉਨ੍ਹਾਂ ਨੂੰ ਸਿਰਫ ਨੋਬਲ ਨਜ਼ਰ ਆ ਰਿਹਾ ਹੈ।

ਤਾਂ ਟਰੰਪ ਨੇ ਗੁਆ ਦਿੱਤਾ ਸੱਚਾ ਦੋਸਤ

ਪੀਐੱਮ ਮੋਦੀ ਨੇ ਟਰੰਪ ਨੂੰ ਕਦੀ ਸੱਚਾ ਦੋਸਤ ਦੱਸਿਆ ਸੀ ਪਰ 17 ਜੂਨ ਦੀ ਘਟਨਾ ਤੋਂ ਬਾਅਦ ਅਮਰੀਕਾ ਦੇ ਮੜ੍ਹੇ 50 ਫ਼ੀਸਦੀ ਟੈਰਿਫ ਤੋਂ ਬਾਅਦ ਦੋਵਾਂ ਵਿਚਾਲੇ ਸਬੰਧ ਅਧਿਕਾਰਤ ਤੌਰ ’ਤੇ ਖ਼ਰਾਬ ਹੋ ਗਏ ਹਨ। ਰਿਪੋਰਟ ਅਨੁਸਾਰ, ਭਾਰਤ ’ਚ ਹੋਣ ਵਾਲੇ ਕਵਾਡ ਸਿਖ਼ਰ ਸੰਮੇਲਨ ’ਚ ਸ਼ਾਮਲ ਹੋਣ ਲਈ ਪੀਐੱਮ ਮੋਦੀ ਨਾਲ ਵਾਅਦਾ ਕਰਨ ਵਾਲੇ ਟਰੰਪ ਸ਼ਾਇਦ ਇਸ ਸੰਮੇਲਨ ’ਚ ਨਾ ਆਉਣ। ਰਾਸ਼ਟਰਪਤੀ ਦਾ ਪ੍ਰੋਗਰਾਮ ਤੈਅ ਕਰਨ ਵਾਲੇ ਲੋਕਾਂ ਨੇ ਦੱਸਿਆ ਕਿ ਟਰੰਪ ਦਾ ਕਵਾਡ ਸੰਮੇਲਨ ਲਈ ਜਾਣ ਦਾ ਕੋਈ ਪ੍ਰੋਗਰਾਮ ਨਹੀਂ ਹੈ।

ਟਰੰਪ ਦੇ ਮਨਮਰਜ਼ੀ ਵਾਲੇ ਵਤੀਰੇ ਨੂੰ ਦੇਖਦੇ ਹੋਏ ਭਾਰਤੀ ਅਧਿਕਾਰੀਆਂ ਨੇ ਦੋਵਾਂ ਦੇਸਾਂ ਵਿਚਾਲੇ ਦੁਬਾਰਾ ਫੋਨਕਾਲ ਕਰਵਾਉਣ ਦਾ ਖ਼ਤਰਾ ਨਹੀਂ ਚੁੱਕਿਆ। ਅਧਿਕਾਰੀਆਂ ਨੂੰ ਖ਼ਦਸ਼ਾ ਸੀ ਕਿ ਟਰੰਪ ਟਰੁੱਥ ਸੋਸ਼ਲ ’ਤੇ ਆਪਣੀ ਮਰਜ਼ੀ ਪੋਸਟ ਕਰ ਦੇਣਗੇ, ਭਾਵੇਂ ਕਾਲ ’ਤੇ ਕੋਈ ਵੀ ਗੱਲ ਹੋਈ ਹੋਵੇ।