ਟਰੰਪ ਦੇ ਟੈਰਿਫ ਨਾਲ ਖ਼ਤਮ ਹੋ ਸਕਦੀ ਹੈ ਭਾਰਤ ਨਾਲ ਸਾਂਝ, ਸਾਬਕਾ ਅਮਰੀਕੀ ਡਿਪਲੋਮੈਟਾਂ ਨੇ ਦਿੱਤੀ ਚਿਤਾਵਨੀ

ਵਾਸ਼ਿੰਗਟਨ- ਇਕ ਪ੍ਰਮੁੱਖ ਡੈਮੋਕ੍ਰੇਟ ਸੰਸਦ ਮੈਂਬਰ ਤੇ ਕਈ ਸਾਬਕਾ ਅਮਰੀਕੀ ਡਿਪਲੋਮੈਟਾਂ ਨੇ ਚਿਤਾਵਨੀ ਦਿੱਤੀ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਟੈਰਿਫ ਨੀਤੀਆਂ ਤੇ ਗ਼ਲਤ ਕੂਟਨੀਤਕ ਕਦਮਾਂ ਨਾਲ 25 ਸਾਲਾਂ ਵਿਚ ਸਾਵਧਾਨੀ ਨਾਲ ਬਣਾਈ ਗਈ ਅਮਰੀਕਾ-ਭਾਰਤ ਰਣਨੀਤਕ ਸਾਂਝੇਦਾਰੀ ਖ਼ਤਰੇ ਵਿਚ ਪੈ ਸਕਦੀ ਹੈ। ਸੰਸਦ ਮੈਂਬਰਾਂ ਦੇ ਇੰਡੀਆ ਕਾਕਸ ਦੇ ਸਹਿ-ਪ੍ਰਧਾਨ ਤੇ ਰਾਸ਼ਟਰਪਤੀ ਟਰੰਪ ਦੇ ਆਲੋਚਕ ਤੇ ਸੰਸਦ ਮੈਂਬਰ ਰੋਅ ਖੰਨਾ ਵੱਲੋਂ ਕਰਵਾਏ ਹੰਗਾਮੀ ਸੰਮੇਲਨ ਵਿਚ ਇਹ ਚਿਤਾਵਨੀ ਦਿੱਤੀ ਗਈ ਹੈ। ਇਸ ਸੰਮੇਲਨ ਵਿਚ ਭਾਰਤ ਵਿਚ ਅਮਰੀਕਾ ਦੇ ਸਾਬਕਾ ਰਾਜਦੂਤ ਰਿਚਰਡ ਵਰਮਾ ਤੇ ਏਰਿਕ ਗਾਰਸੇਟੀ ਦੇ ਨਾਲ-ਨਾਲ ਵੈਂਚਰ ਕੈਪੀਟਲਿਸਟ ਵਿਨੋਦ ਖੋਸਲਾ ਤੇ ਭਾਰਤੀ ਤਬਕੇ ਨਾਲ ਸਬੰਧਤ ਤਕਨੀਤੀ ਉਦਯੋਗ ਦੇ ਹੋਰ ਖ਼ਾਸ ਲੋਕ ਸ਼ਾਮਲ ਸਨ। ਖੰਨਾ ਨੇ ਸਮੇਂ ਦੀ ਗੰਭੀਰਤਾ ’ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਜੇ ਇਹ ਜ਼ਰੂਰੀ ਨਾ ਹੁੰਦਾ ਤਾਂ ਉਹ ਇਸ ਕਾਨਫਰੰਸ ਦਾ ਇੰਤਜ਼ਾਮ ਹੀ ਨਾ ਕਰਦੇ। ਉਹ ਮੌਜੂਦਾ ਘਟਨਾਕ੍ਰਮ ਬਾਰੇ ਚਿਤਾਵਨੀ ਦੇਣਾ ਚਾਹੁੰਦੇ ਹਨ।

ਰਾਸ਼ਟਰਪਤੀ ਬਰਾਕ ਓਬਾਮਾ ਦੇ ਕਾਰਜਕਾਲ ਵਿਚ ਭਾਰਤ ਵਿਚ ਅਮਰੀਕੀ ਰਾਜਦੂਤ ਰਹੇ ਰਿਚਰਡ ਵਰਮਾ ਨੇ ਸਬੰਧਾਂ ਦੀ ਮੌਜੂਦਾ ਸਥਿਤੀ ਦਾ ਮੁਲੰਕਣ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਦੋ ਮਹੀਨਿਆਂ ਵਿਚ ਰਾਸ਼ਟਰਪਤੀ ਨੇ 24-24 ਸਾਲਾਂ ਵਿਚ ਹੋਈ ਪ੍ਰਗਤੀ ਨੂੰ ਖ਼ਤਮ ਕਰ ਦਿੱਤਾ ਹੈ। ਵਰਮਾ ਨੇ ਅੱਗੇ ਕਿਹਾ ਕਿ ਇਸ ਸਬੰਧ ਦੀ ਸ਼ੁਰੂਆਤ ਰਾਸ਼ਟਰਪਤੀ ਬਿਲ ਕਲਿੰਟਨ ਦੀ ਵਰ੍ਹਾ 2000 ਵਿਚ ਇਤਿਹਾਸਕ ਭਾਰਤ ਯਾਤਰਾ ਨਾਲ ਹੋਈ ਸੀ, ਜਦੋਂ ਅਮਰੀਕਾ ਨੇ ਆਪਣੀ ਭਾਰਤ-ਪਾਕਿਸਤਾਨ ਨੀਤੀ ਨਾਲ ‘ਅਲੱਗ’ ਹੱਟ ਕੇ ਭਾਰਤ ਦੇ ਨਾਲ ਸੁਤੰਤਰ ਸਾਂਝੇਦਾਰੀ ਦਾ ਰਾਹ ਚੁਣਿਆ ਸੀ। ਸਾਬਕਾ ਰਾਜਦੂਤ ਨੇ ਅਮਰੀਕੀ ਇਤਿਹਾਸ ਵਿਚ ਪਹਿਲੀ ਦਫ਼ਾ ਪਾਕਿਸਤਾਨ ਦੇ ਫ਼ੌਜ ਮੁਖੀ ਓਵਲ ਆਫਿਸ ਵਿਚ ਸੱਦਾ ਦੇਣ ਦੇ ਟਰੰਪ ਦੇ ਫ਼ੈਸਲੇ ’ਤੇ ਖ਼ਾਸ ਚਿੰਤਾ ਜ਼ਾਹਰ ਕੀਤੀ ਹੈ।

ਦੋਵਾਂ ਸਾਬਕਾ ਰਾਜਦੂਤਾਂ ਨੇ ਵਿਸ਼ਵਾਸ ਨੂੰ ਰਿਸ਼ਤੇ ਦੀ ਸਭ ਤੋਂ ਵੱਡੀ ਕਮਜ਼ੋਰੀ ਦੱਸਿਆ ਹੈ। ਵਰਮਾ ਨੇ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਨੇ ਸਾਬਤ ਕਰ ਦਿੱਤਾ ਹੈ ਕਿ ਅਮਰੀਕਾ ਉੱਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਹੁਣ ਤੱਕ ਭਾਰਤ ਵਿਚ ਰਾਜਦੂਤ ਰਹੇ ਏਰਿਕ ਗਾਰਸੇਟੀ ਨੇ 20 ਤੋਂ ਵੱਧ ਸਾਲਾਂ ਵਿਚ ਲੱਗੇ ਸਭ ਤੋਂ ਡੂੰਘੇ ਝਟਕਿਆਂ ਦੀ ਚਿਤਾਵਨੀ ਦਿੱਤੀ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਹਾਲ ਹੀ ਦੀਆਂ ਘਟਨਾਵਾਂ ਵਪਾਰਕ ਸਮਝੌਤੇ ’ਤੇ ਰਣਨੀਤਕ ਅਸਹਿਮਤੀਆਂ ਤੋਂ ਕਿਤੇ ਵੱਧ ਅਜਿਹਾ ਬੁਨਿਆਦੀ ਬਦਲਾਅ ਹਨ, ਜਿਨ੍ਹਾਂ ਦਾ ਅਸਰ ਭਾਰਤ ਵਿਚ ਰਾਤੋ-ਰਾਤ ਖ਼ਤਮ ਨਹੀਂ ਹੋਵੇਗਾ। ਗਾਰਸੇਟੀ ਨੇ ਰਵਾਇਤੀ ਭਾਰਤ ਨੀਤੀ ਨੂੰ ਰੇਖਾਂਕਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਮੌਜੂਦਾ ਕੌਮੀ ਸੁਰੱਖਿਆ ਸਲਾਹਕਾਰ ਮਾਈਕ ਵਾਲਟਜ਼ ਦੇ ਨਾਲ ਪਹਿਲਾ ਕੰਮ ਕੀਤਾ ਸੀ, ਜਦੋਂ ਖੰਨਾ ਤੇ ਵਾਲਟਜ਼ ਦੋਵੇਂ ਇੰਡੀਆ ਕਾਕਸ ਦੇ ਸਹਿ-ਪ੍ਰਧਾਨ ਵਜੋਂ ਕੰਮ ਕਰਦੇ ਸਨ ਪਰ ਹੁਣ ਨੀਤੀ ਦਬਾਅ ਵਿਚ ਹੈ।

ਗਰੁੱਪ ਨੇ ਕਾਰੋਬਾਰੀ ਤੇ ਤਕਨੀਕੀ ਭਾਈਚਾਰੇ ਲਈ ਖ਼ਾਸ ਕੰਮਾਂ ਦਾ ਵਰਣਨ ਕੀਤਾ ਤੇ ਉਨ੍ਹਾਂ ਕੋਲੋਂ ਰਿਪਬਲਿਕਨ ਤੇ ਡੈਮੋਕ੍ਰੇਟਿਕ ਦੋਵਾਂ ਪਾਰਟੀਆਂ ਦੇ ਸੰਸਦ ਮੈਂਬਰਾਂ ਨਾਲ ਜੁੜਣ ਦੀ ਅਪੀਲ ਕੀਤੀ। ਖੰਨਾ ਨੇ ਖ਼ਾਸਕਰ ਰਿਪਬਲਿਕਨ ਸੰਸਦ ਮੈਂਬਰਾਂ ’ਤੇ ਸਬੰਧਾਂ ਦੇ ਰਣਨੀਤਕ ਮਹੱਤਵ ਬਾਰੇ ਦਬਾਅ ਬਣਾਉਣ ਤੇ ਡੈਮੋਕ੍ਰੇਟਸ ਨਾਲ ਇੰਟਰਨੈੱਟ ਮੀਡੀਆ ’ਤੇ ਵੱਧ ਸਰਗਰਮ ਹੋਣ ਦਾ ਸੱਦਾ ਦਿੱਤਾ। ਇਹ ਕੂਟਨੀਤਕ ਸੰਕਟ ਇਹੋ ਜਿਹੇ ਵੇਲੇ ਆਇਆ ਹੈ ਜਦੋਂ ਦੋਵੇਂ ਮੁਲਕ ਚੀਨ ਦੀ ਵੱਧਦੀ ਤਾਕਤ ਦੇ ਅਹਿਮ ਤਕਨੀਕਾਂ, ਸਪਲਾਈ ਲੜੀਆਂ ਤੇ ਊਰਜਾ ਉਤਪਾਦਨ ’ਤੇ ਸਹਿਯੋਗ ਦੀ ਜ਼ਰੂਰਤ ਨਾਲ ਜੁੜੀਆਂ ਸਾਂਝੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ। ਗਾਰਸੇਟੀ ਨੇ ਕਿਹਾ ਹੈ ਕਿ ਭਾਰਤ-ਅਮਰੀਕਾ ਇੱਕੋ ਰਾਹ ਉੱਤੇ ਹਨ, ਜਿਸ ਕਾਰਨ ਮੌਜੂਦਾ ਤਣਾਅ ਲੰਮ-ਚਿਰੇ ਰਣਨੀਤਕ ਹਿੱਤਾਂ ਲਈ ਚਿੰਤਾਜਨਕ ਹੋ ਗਿਆ ਹੈ। ਸਾਬਕਾ ਰਾਜਦੂਤਾਂ ਨੇ ਕੁਝ ਖੇਤਰਾਂ ਤੋਂ ਉੱਭਰ ਰਹੀ ਭਾਰਤ-ਵਿਰੋਧੀ ਬਿਆਨਬਾਜ਼ੀ ’ਤੇ ਵੀ ਚਿੰਤਾ ਜ਼ਾਹਰ ਕੀਤੀ ਹੈ। ਗਾਰਸੇਟੀ ਨੇ ਭਾਰਤ ਤੇ ਭਾਰਤੀ-ਅਮਰੀਕੀਆਂ ਦੋਵਾਂ ਨੂੰ ਨਿਸ਼ਾਨਾ ਬਣਾ ਕੇ ਨਸਲਵਾਦੀ ਬਿਆਨਾਂ ਤੇ ਮੁਲਕ ਵਿਰੋਧੀ ਸੰਦੇਸ਼ਾਂ ਬਾਰੇ ਚਿਤਾਰ ਦਿੱਤਾ ਹੈ।