ਸੰਸਦ ਮੈਂਬਰ ਕੰਗਨਾ ਰਣੌਤ ਦੀ ਪਟੀਸ਼ਨ ’ਤੇ ਸੁਣਵਾਈ ਅੱਜ, ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ’ਤੇ ਕੀਤੀ ਸੀ ਭੱਦੀ ਟਿੱਪਣੀ

ਨਵੀਂ ਦਿੱਲੀ – ਫਿਲਮ ਅਦਾਕਾਰਾ ਤੇ ਸੰਸਦ ਮੈਂਬਰ ਕੰਗਨਾ ਰਣੌਤ ਦੀ ਪਟੀਸ਼ਨ ’ਤੇ ਸੁਪਰੀਮ ਕੋਰਟ ’ਚ 12 ਸਤੰਬਰ ਨੂੰ ਸੁਣਵਾਈ ਹੋਵੇਗੀ। ਪਟੀਸ਼ਨ ਵਿਚ ਹਾਈ ਕੋਰਟ ਦੇ ਇਕ ਫ਼ੈਸਲੇ ਨੂੰ ਚੁਣੌਤੀ ਦਿੱਤੀ ਗਈ ਹੈ। ਹਾਈ ਕੋਰਟ ਨੇ ਕਿਸਾਨ ਅੰਦੋਲਨ ਦੌਰਾਨ ਕੰਗਨਾ ਵਿਰੁੱਧ ਦਰਜ ਮਾਮਲਾ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਜਸਟਿਸ ਵਿਕਰਮ ਨਾਥ ਤੇ ਜਸਟਿਸ ਸੰਦੀਪ ਮਹਿਤਾ ਦਾ ਬੈਂਚ ਇਸ ਮਾਮਲੇ ਦੀ ਸੁਣਵਾਈ ਕਰੇਗਾ।

ਕੰਗਨਾ ਨੇ ਮਾਣਹਾਨੀ ਦੇ ਉਸ ਮਾਮਲੇ ਨੂੰ ਚੁਣੌਤੀ ਦਿੱਤੀ ਹੈ ਜੋ ਉਨ੍ਹਾਂ ਦੇ ਉਸ ਰੀਟਵੀਟ ਕਾਰਨ ਹੋਂਦ ਵਿਚ ਆਇਆ ਹੈ, ਜਿਸ ਵਿਚ ਸਾਲ 2020-21 ਦੇ ਕਿਸਾਨ ਅੰਦੋਲਨ ਦੌਰਾਨ ਇਕ ਮਹਿਲਾ ਮੁਜ਼ਾਹਰਾਕਾਰੀ ਬਾਰੇ ਉਨ੍ਹਾਂ ਦੀ ਆਪਣੀ ਟਿੱਪਣੀ ਸ਼ਾਮਲ ਸੀ। ਇਹ ਸ਼ਿਕਾਇਤ 73 ਸਾਲਾ ਮਹਿੰਦਰ ਕੌਰ ਨੇ 2021 ਵਿਚ ਦਰਜ ਕਰਵਾਈ ਸੀ ਜੋ ਬਠਿੰਡਾ ਜ਼ਿਲ੍ਹੇ ਦੇ ਬਹਾਦਰਗੜ੍ਹ ਜੰਡੀਆਂ ਪਿੰਡ ਦੀ ਰਹਿਣ ਵਾਲੀ ਹੈ। ਬਠਿੰਡਾ ਦੀ ਇਕ ਅਦਾਲਤ ਵਿਚ ਮਹਿੰਦਰ ਕੌਰ ਨੇ ਸ਼ਿਕਾਇਤ ਕੀਤੀ ਸੀ ਕਿ ਅਦਾਕਾਰਾ ਨੇ ਟਿੱਪਣੀਆਂ ’ਚ ਕਿਹਾ ਸੀ ਕਿ ਉਹ ਉਹੀ ਦਾਦੀ ਯਾਨੀ ਬਿਲਕਿਸ ਬਾਨੋ ਹੈ ਜਿਹੜੀ ਸ਼ਾਹੀਨ ਬਾਗ਼ ਵਿਚ ਹੋਏ ਰੋਸ ਮੁਜ਼ਾਹਰੇ ਦਾ ਹਿੱਸਾ ਸੀ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਕ ਅਗਸਤ ’ਚ ਕੰਗਨਾ ਰਨੌਤ ਦੀ ਪਟੀਸ਼ਨ ਖ਼ਾਰਜ ਕਰਦੇ ਹੋਏ ਆਪਣੇ ਹੁਕਮ ਵਿਚ ਕਿਹਾ ਕਿ ਪਟੀਸ਼ਨਰ ਇਕ ਅਦਾਕਾਰਾ ਹੈ, ਉਸ ਦੇ ਵਿਰੁੱਧ ਖ਼ਾਸ ਦੋਸ਼ ਹਨ ਕਿ ਰੀਟਵੀਟ ’ਚ ਉਨ੍ਹਾਂ ਵੱਲੋਂ ਲਗਾਏ ਗਏ ਝੂਠੇ ਤੇ ਮਾਣਹਾਨੀ ਦੇ ਦੋਸ਼ਾਂ ਕਾਰਨ ਬਚਾਅ ਧਿਰ ਦੇ ਵੱਕਾਰ ਨੂੰ ਠੇਸ ਪੁੱਜੀ ਹੈ ਤੇ ਉਨ੍ਹਾਂ ਦਾ ਜਨਤਕ ਅਕਸ ਹੋਰਨਾਂ ਦੀ ਨਜ਼ਰ ਵਿਚ ਕਮਜ਼ੋਰ ਹੋਇਆ ਹੈ। ਇਸ ਲਈ ਆਪਣੇ ਹੱਕਾਂ ਦੀ ਰਾਖੀ ਲਈ ਸ਼ਿਕਾਇਤ ਦਰਜ ਕਰਵਾਉਣਾ ਮਾੜੀ ਭਾਵਨਾ ਨਹੀਂ ਕਹੀ ਜਾ ਸਕਦੀ।